ਮਣੀਪੁਰ ਹਿੰਸਾ ਦੌਰਾਨ ਹੁਣ ਤਕ ਹੋਈਆਂ 54 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਫ਼ਾਲ ਘਾਟੀ 'ਚ ਸਥਿਤੀ ਆਮ, ਜ਼ਿਆਦਾਤਰ ਦੁਕਾਨਾਂ ਅਤੇ ਬਾਜ਼ਾਰ ਖੁੱਲੇ

Representational Image

ਇੰਫ਼ਾਲ : ਮਣੀਪੁਰ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਨੀਵਾਰ ਨੂੰ ਇੰਫ਼ਾਲ ਘਾਟੀ 'ਚ ਜਨਜੀਵਨ ਆਮ ਵਾਂਗ ਦਿਖਾਈ ਦਿਤਾ ਕਿਉਂਕਿ ਜ਼ਿਆਦਾਤਰ ਦੁਕਾਨਾਂ ਅਤੇ ਬਾਜ਼ਾਰ ਫਿਰ ਤੋਂ ਖੁੱਲੇ ਹਨ, ਵਾਹਨ ਵੀ ਸੜਕਾਂ 'ਤੇ ਦੇਖੇ ਗਏ।

ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਪ੍ਰਮੁੱਖ ਖੇਤਰਾਂ ਅਤੇ ਸੜਕਾਂ 'ਤੇ ਫ਼ੌਜ, ਰੈਪਿਡ ਐਕਸ਼ਨ ਫ਼ੋਰਸ (ਆਰ.ਏ.ਐਫ਼.) ਅਤੇ ਕੇਂਦਰੀ ਪੁਲਿਸ ਬਲ ਦੇ ਜਵਾਨਾਂ ਦੀ ਵਾਧੂ ਟੁਕੜੀ ਤੈਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਫ਼ਾਲ ਸ਼ਹਿਰ ਅਤੇ ਹੋਰ ਥਾਵਾਂ 'ਤੇ ਸਵੇਰ ਵੇਲੇ ਜ਼ਿਆਦਾਤਰ ਦੁਕਾਨਾਂ ਅਤੇ ਬਾਜ਼ਾਰ ਖੁੱਲੇ, ਲੋਕਾਂ ਨੇ ਸਬਜ਼ੀਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਖ਼੍ਰੀਦੀਆਂ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਤੈਨਾਤ ਰਹੇ।

ਇਹ ਵੀ ਪੜ੍ਹੋ:   ਆਈ.ਐਮ.ਐਫ਼. ਨੇ ਕਰਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਪਾਕਿਸਤਾਨ ਦੇ ਦਾਅਵੇ ਨੂੰ ਕੀਤਾ ਖ਼ਾਰਜ

ਅਧਿਕਾਰੀਆਂ ਨੇ ਦਸਿਆ ਕਿ 54 ਮ੍ਰਿਤਕਾਂ ਵਿਚੋਂ 16 ਲਾਸ਼ਾਂ ਚੂਰਾਚੰਦਪੁਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਰਖੀਆਂ ਗਈਆਂ ਹਨ, ਜਦੋਂ ਕਿ 15 ਲਾਸ਼ਾਂ ਨੂੰ ਇੰਫ਼ਾਲ ਪੂਰਬੀ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੰਫ਼ਾਲ ਪਛਮੀ ਜ਼ਿਲ੍ਹੇ ਦੇ ਲੈਮਫ਼ੇਲ ਸਥਿਤ ਖੇਤਰੀ ਮੈਡੀਕਲ ਵਿਗਿਆਨ ਸੰਸਥਾਨ ਨੇ 23 ਮੌਤਾਂ ਦੀ ਸੂਚਨਾ ਦਿਤੀ ਹੈ।

ਮਣੀਪੁਰ ਵਿਚ ਬਹੁਗਿਣਤੀ ਮੀਤੀ ਭਾਈਚਾਰੇ ਵਲੋਂ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦਿਤੇ ਜਾਣ ਦੀ ਮੰਗ ਨੂੰ ਲੈ ਕੇ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ (ਏ.ਟੀ.ਐਸ.ਯੂ.ਐਮ.) ਵਲੋਂ ਕਰਵਾਏ ਗਏ 'ਕਬਾਇਲੀ ਏਕਤਾ ਮਾਰਚ' ਦੌਰਾਨ ਬੁੱਧਵਾਰ ਨੂੰ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬੰਗ ਖੇਤਰ ਵਿਚ ਹਿੰਸਾ ਭੜਕ ਗਈ ਸੀ ਜੋ ਬਾਅਦ ਵਿਚ ਹੋਰ ਜ਼ਿਲ੍ਹਿਆਂ ਵਿਚ ਵੀ ਫੈਲ ਗਈ।