Ahmedabad Schools Bomb Threat : ਦਿੱਲੀ ਤੋਂ ਬਾਅਦ ਹੁਣ ਅਹਿਮਦਾਬਾਦ ਦੇ 7 ਸਕੂਲਾਂ ਨੂੰ ਮਿਲੀ ਧਮਕੀ ਭਰੀ ਈਮੇਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਹਿਮਦਾਬਾਦ ਦੇ ਵੱਖ-ਵੱਖ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ। ਇਸ ਈਮੇਲ ਵਿੱਚ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ

Bomb Threa

Ahmedabad Schools Bomb Threat :  ਦਿੱਲੀ-ਐਨਸੀਆਰ ਵਾਂਗ ਅਹਿਮਦਾਬਾਦ ਦੇ ਵੱਖ-ਵੱਖ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ। ਇਸ ਈਮੇਲ ਵਿੱਚ ਸਕੂਲਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਈ-ਮੇਲ ਮਿਲਣ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਟੀਮ ਬੰਬ ਸਕੂਐਡ ਸਮੇਤ ਸਕੂਲਾਂ 'ਚ ਪਹੁੰਚ ਗਈ ਹੈ।

ਜਿਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਭੇਜੀ ਗਈ ਹੈ,ਉਨ੍ਹਾਂ ਵਿੱਚ ਬੋਪਲ ਸਥਿਤ ਡੀਪੀਐਸ, ਆਨੰਦ ਨਿਕੇਤਨ ਸਮੇਤ ਕਰੀਬ 7 ਸਕੂਲ ਸ਼ਾਮਲ ਹਨ। ਅਹਿਮਦਾਬਾਦ ਦੇ ਸਕੂਲਾਂ ਨੂੰ ਜੋ ਈਮੇਲ ਭੇਜੀਆਂ ਗਈਆਂ ਹਨ ,ਉਹ ਦਿੱਲੀ ਦੇ ਪੈਟਰਨ 'ਤੇ ਹੀ ਹਨ। ਜਿਸ ਡੋਮੇਨ ਤੋਂ ਈਮੇਲ ਭੇਜੀ ਗਈ ਹੈ ,ਉਹ ਦੇਸ਼ ਤੋਂ ਬਾਹਰ ਹੈ। 

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਕਿਉਂਕਿ ਸਕੂਲਾਂ ਵਿੱਚ ਛੁੱਟੀਆਂ ਹਨ, ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਲੋਕ ਸਭਾ ਚੋਣਾਂ ਲਈ ਭਲਕੇ ਤੀਜੇ ਪੜਾਅ ਦੀ ਵੋਟਿੰਗ ਹੋਣ ਕਾਰਨ ਪੁਲਿਸ ਅਲਰਟ ਮੋਡ 'ਤੇ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ-ਐਨਸੀਆਰ ਦੇ 200 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ ਸੀ। ਫਿਰ ਧਮਕੀ ਭੇਜਣ ਲਈ ਰੂਸੀ ਮੇਲਿੰਗ ਸਰਵਿਸ Mail.ru ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਈ-ਮੇਲ ਦੇ ਸਹੀ ਸਰੋਤ ਦਾ ਪਤਾ ਲਗਾਉਣ ਲਈ ਇੰਟਰਪੋਲ ਰਾਹੀਂ ਰੂਸੀ ਮੇਲਿੰਗ ਸਰਵਿਸ ਕੰਪਨੀ Mail.ru ਨਾਲ ਸੰਪਰਕ ਕੀਤਾ। ਪੁਲਿਸ ਨੇ ਸੀਬੀਆਈ ਨੂੰ ਪੱਤਰ ਲਿਖ ਕੇ ਇੰਟਰਪੋਲ ਚੈਨਲਾਂ ਰਾਹੀਂ ਧਮਕੀ ਭਰੇ ਈ-ਮੇਲ ਬਾਰੇ ਜਾਣਕਾਰੀ ਮੰਗੀ ਸੀ।

ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਵੀ ਦਰਜ ਕੀਤਾ ਸੀ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਬੰਬ ਦੀਆਂ ਅਫਵਾਹਾਂ ਵਾਲੀ ਈ-ਮੇਲ ਦਾ ਇਰਾਦਾ ਵੱਡੇ ਪੱਧਰ 'ਤੇ ਦਹਿਸ਼ਤ ਫੈਲਾਉਣਾ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਜਨਤਕ ਵਿਵਸਥਾ ਨੂੰ ਭੰਗ ਕਰਨਾ ਸੀ। 

ਦਰਅਸਲ, 1 ਮਈ ਦੀ ਸਵੇਰ ਨੂੰ ਦਿੱਲੀ-ਐਨਸੀਆਰ ਦੇ 200 ਤੋਂ ਵੱਧ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਦੀ ਝੂਠੀ ਧਮਕੀ ਮਿਲੀ ਸੀ, ਜਿਸ ਕਾਰਨ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਹੜਕੰਪ ਮਚ ਗਿਆ ਸੀ। ਇਸ ਮਾਮਲੇ ਤੋਂ ਬਾਅਦ ਸਕੂਲ ਦੀਆਂ ਕਲਾਸਾਂ ਰੱਦ ਕਰਨੀਆਂ ਪਈਆਂ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲੈ ਜਾਣ ਲਈ ਕਿਹਾ ਗਿਆ ਸੀ।