ਕੋਰੋਨਾ ਵਾਇਰਸ ਕਰ ਕੇ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਸੰਕਟ : ਅਧਿਐਨ
ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਦੁਨੀਆਂ 'ਚ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਨਵੀਂ ਦਿੱਲੀ, 5 ਜੂਨ: ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਦੁਨੀਆਂ 'ਚ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਭਾਰਤ 'ਚ ਵੀ ਲਗਭਗ ਇਕ ਕਰੋੜ 20 ਲੱਖ ਲੋਕਾਂ ਸਾਹਮਣੇ ਇਹੀ ਸਥਿਤੀ ਪੈਦਾ ਹੋ ਗਈ ਹੈ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਨਮੈਂਟ (ਸੀ.ਐਸ.ਈ.) ਵਲੋਂ ਪ੍ਰਕਾਸ਼ਤ 'ਸਟੇਟ ਆਫ਼ ਇੰਡੀਆਜ਼ ਇਨਵਾਇਰਮੈਂਟ ਇਨ ਫ਼ਿਗਰਸ 2020' ਰੀਪੋਰਟ 'ਚ ਮਹਾਂਮਾਰੀ ਦੇ ਵੰਡੇ ਪੱਧਰ 'ਤੇ ਹੋਣ ਵਾਲੇ ਆਰਥਕ ਅਸਰ ਬਾਰੇ ਕਿਹਾ ਗਿਆ ਹੈ
। ਇਸ ਰੀਪੋਰਟ ਅਨੁਸਾਰ ਕੌਮਾਂਤਰੀ ਪੱਧਰ 'ਤੇ ਗ਼ਰੀਬ ਦਰ 'ਚ 22 ਸਾਲਾਂ 'ਚ ਪਹਿਲੀ ਵਾਰੀ ਵਾਧਾ ਹੋਵੇਗਾ। ਰੀਪੋਰਟ 'ਚ ਕਿਹਾ ਗਿਆ ਹੈ ਕਿ ਕੌਮਾਂਤਰੀ ਆਬਾਦੀ ਦਾ 50 ਫ਼ੀ ਸਦੀ ਹਿੱਸਾ ਤਾਲਾਬੰਦੀ 'ਚ ਹੈ ਜਿਸ ਦੀ ਆਮਦਨ ਜਾਂ ਤਾਂ ਬਹੁਤ ਘੱਟ ਹੈ ਜਾਂ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਆਮਦਨ ਦਾ ਸਰੋਤ ਖ਼ਤਮ ਹੋ ਜਾਣ ਕਰ ਕੇ ਚਾਰ ਤੋਂ ਛੇ ਕਰੋੜ ਲੋਕ ਆਉਣ ਵਾਲੇ ਮਹੀਨਿਆਂ 'ਚ ਗ਼ਰੀਬੀ 'ਚ ਜੀਵਨ ਬਤੀਤ ਕਰਨਗੇ। ਇਸ 'ਚ ਕਿਹਾ ਗਿਆ ਹੈ ਕਿ ਗ਼ਰੀਬ ਆਬਾਦੀ 'ਚ ਇਕ 1.20 ਕਰੋੜ ਲੋਕ ਹੋਰ ਜੁਣ ਜਾਣਗੇ ਜੋ ਦੁਨੀਆਂ 'ਚ ਸੱਭ ਤੋਂ ਜ਼ਿਆਦਾ ਹੈ। (ਪੀਟੀਆਈ)