ਯੂ.ਪੀ 'ਚ ਸੜਕ ਹਾਦਸੇ 'ਚ ਇਕੋ ਪਰਵਾਰ ਦੇ 9 ਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ ਕੰਟੇਨਰ ਟਰੱਕ ਅਤੇ ਸਕਾਰਪੀਉ ਦੀ ਆਹਮੋਂ-ਸਾਹਮਣੇ ਹੋਈ ਟੱਕਰ 'ਚ ਇਕ ਹੀ ਪਰਵਾਰ ਦੇ 9 ਲੋਕਾਂ ਦੀ ਮੌਤ

File Photo

ਪ੍ਰਤਾਪਗੜ੍ਹ, 5 ਜੂਨ : ਉਤਰ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ ਕੰਟੇਨਰ ਟਰੱਕ ਅਤੇ ਸਕਾਰਪੀਉ ਦੀ ਆਹਮੋਂ-ਸਾਹਮਣੇ ਹੋਈ ਟੱਕਰ 'ਚ ਇਕ ਹੀ ਪਰਵਾਰ ਦੇ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਲਖਨਊ 'ਚ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪ੍ਰਤਾਪਗੜ੍ਹ 'ਚ ਹੋਏ ਸੜਕ ਹਾਦਸੇ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਪੁਲਿਸ ਡਿਪਟੀ ਸੁਪਰਡੈਂਟ ਕੁੰਡਾ ਰਾਧੇਸ਼ਾਮ ਮੋਰੀਆ ਨੇ ਦਸਿਆ ਕਿ ਰਾਜਸਥਾਨ ਦੇ ਭਿਵਾੜੀ ਤੋਂ ਇਕ ਪਰਵਾਰ ਦੇ 10 ਲੋਕ ਸਕਾਰਪੀਉ 'ਚ ਸਵਾਰ ਹੋ ਕੇ ਬਿਹਾਰ ਦੇ ਭੋਜਪੁਰ ਜਾ ਰਹੇ ਸਨ ਕਿ ਥਾਣਾ ਨਵਾਬਗੰਜ ਅਧੀਨ ਲਖਨਊ ਪ੍ਰਯਾਗਰਾਜ ਰਾਜਮਾਰਗ 'ਤੇ ਕੰਟੇਨਰ ਟਰੱਕ ਨਾਲ ਆਹਮੋਂ-ਸਾਹਮਣੇ ਟੱਕਰ ਹੋ ਗਈ।

ਮੌਕੇ 'ਤੇ ਹੀ 2 ਬੱਚਿਆਂ, ਤਿੰਨ ਔਰਤਾਂ ਅਤੇ 4 ਪੁਰਸ਼ਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਬੰਟੀ (35) ਨਾਂ ਦਾ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਜ਼ਖ਼ਮੀ ਨੂੰ ਇਲਾਜ ਲਈ ਰਾਏਬਰੇਲੀ ਭੇਜਿਆ ਗਿਆ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦਸਿਆ ਕਿ ਪਰਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਉਹ ਭੋਜਪੁਰ ਤੋਂ ਰਵਾਨਾ ਹੋ ਚੁਕੇ ਹਨ। ਪਰਵਾਰ ਵਾਲਿਆਂ ਦੇ ਆਉਣ ਤੋਂ ਬਾਅਦ ਹੀ ਪੀੜਤਾਂ ਦੀ ਪਛਾਣ ਹੋ ਸੰਭਵ ਹੈ। ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿਤੀਆਂ ਗਈਆਂ ਹਨ। ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।                 (ਏਜੰਸੀ)