ਜਾਰਜ ਫ਼ਲਾਇਡ ਵਾਂਗ ਗੋਡੇ ਨਾਲ ਦੱਬੀ ਰੱਖੀ ਨੌਜਵਾਨ ਦੀ ਗਰਦਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਪੁਲਿਸ ਨੇ ਕੀਤਾ ਅਮਰੀਕਨ ਪੁਲਿਸ ਵਰਗਾ ਕਾਰਨਾਮਾ

File Photo

ਜੋਧਪੁਰ, 5 ਜੂਨ : ਅਮਰੀਕਾ ਵਿਚ ਜਿਸ ਤਰ੍ਹਾਂ ਇਕ ਪੁਲਿਸ ਮੁਲਾਜ਼ਮ ਨੇ ਜਾਰਜ ਫ਼ਲਾਇਡ ਦੀ ਗਰਦਨ ਨੂੰ ਅਪਣੇ ਗੋਡਿਆਂ ਨਾਲ ਦਬਾਇਆ ਜਿਸ ਨਾਲ ਉਸ ਦੀ ਜਾਨ ਚਲੀ ਗਈ, ਠੀਕ ਉਸ ਤਰ੍ਹਾਂ ਰਾਜਸਥਾਨ ਦੇ ਜੋਧਪੁਰ ਵਿਚ ਵੀ ਕੁੱਝ ਪੁਲਿਸ ਮੁਲਾਜ਼ਮਾਂ ਨੇ ਇਕ ਆਦਮੀ ਨੂੰ ਕਾਬੂ ਕਰਨ ਲਈ ਉਸ ਦੀ ਗਰਦਨ ਨੂੰ ਗੋਡੇ ਨਾਲ ਦੱਬੀ ਰਖਿਆ। ਵੀਡੀਉ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਮਾਸਕ ਲਈ ਟੋਕਣ ਉਤੇ ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕੀਤਾ ਸੀ।
ਮਾਮਲਾ ਜੋਧਪੁਰ ਦੇ ਦੇਵਨਗਰ ਥਾਣਾ ਇਲਾਕੇ ਦਾ ਹੈ।

ਪੁਲਿਸ ਮੁਲਾਜ਼ਮ ਇਥੇ ਬਿਨਾਂ ਮਾਸਕ ਪਹਿਨੇ ਲੋਕਾਂ ਦੇ ਚਲਾਨ ਕੱਟ ਰਹੇ ਸਨ। ਇਸ ਦੌਰਾਨ ਨੌਜਵਾਨ ਨੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿਤੀ। ਦਸਿਆ ਜਾ ਰਿਹਾ ਹੈ ਕਿ ਉਸ ਨੇ ਅਪਣੀ ਜੇਬ ਵਿਚੋਂ ਮੋਬਾਈਲ ਕੱਢ ਕੇ ਵੀਡੀਉ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਮੋਬਾਈਲ ਖੋਹਣ ਲਈ ਜ਼ਮੀਨ 'ਤੇ ਸੁੱਟ ਲਿਆ ਅਤੇ ਫਿਰ ਉਸ ਦੀ ਗਰਦਨ ਨੂੰ ਕਾਫ਼ੀ ਦੇਰ ਤਕ ਦਬਾਈ ਰਖਿਆ। ਨੇੜੇ ਖੜੇ ਲੋਕਾਂ ਨੇ ਸਾਰੀ ਘਟਨਾ ਨੂੰ ਮੋਬਾਈਲ ਕੈਮਰਿਆਂ ਵਿਚ ਕੈਦ ਕਰ ਲਿਆ। ਅਜਿਹਾ ਲਗਦਾ ਹੈ ਕਿ ਪੁਲਿਸ ਵਾਲਿਆਂ ਦੀ ਵਰਦੀ ਵੀ ਫਟ ਗਈ। ਪੁਲਿਸ ਮੁਲਾਜ਼ਮਾਂ ਦੇ ਗਰਦਨ ਤੋਂ ਹਟਣ ਤੋਂ ਬਾਅਦ ਉਹ ਵਿਅਕਤੀ ਦੂਜੇ ਪੁਲਿਸ ਮੁਲਾਜ਼ਮਾਂ ਉਤੇ ਹਮਲੇ ਦੀ ਕੋਸ਼ਿਸ਼ ਕਰਦਾ ਵੀ ਦਿਖਾਈ ਦੇ ਰਿਹਾ ਹੈ।               (ਏਜੰਸੀ)