ਪੈਗੰਬਰ 'ਤੇ ਵਿਵਾਦਿਤ ਟਿੱਪਣੀ ਕਰਨ ਦਾ ਮਾਮਲਾ: ਕਤਰ, ਕੁਵੈਤ, ਇਰਾਨ ਸਮੇਤ ਕਈ ਦੇਸ਼ਾਂ ਨੇ ਜਤਾਇਆ ਵਿਰੋਧ
ਇਸ ਬਿਆਨ ਨੂੰ ਲੈ ਕੇ ਕਤਰ, ਕੁਵੈਤ ਅਤੇ ਈਰਾਨ ਨੇ ਭਾਰਤੀ ਰਾਜਦੂਤਾਂ ਨੂੰ ਨੋਟਿਸ ਜਾਰੀ ਕੀਤਾ ਹੈ
ਨਵੀਂ ਦਿੱਲੀ - ਬੀਤੇ ਦਿਨੀਂ ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀ ਕਰਨ 'ਤੇ ਭਾਜਪਾ ਨੇ ਨੁਪੁਰ ਸ਼ਰਮਾ ਤੇ ਨਵੀਨ ਜਿੰਦਲ ਨੂੰ ਪਾਰਟੀ ਵਿਚੋਂ 6 ਸਾਲ ਲਈ ਮੁਅੱਤਲ ਕਰ ਦਿੱਤਾ ਸੀ। ਨੁਪੁਰ ਸ਼ਰਮਾ ਅਤੇ ਨਵੀਨ ਜਿੰਦਲ ਦੇ ਬਿਆਨਾਂ 'ਤੇ ਖਾੜੀ ਦੇਸ਼ਾਂ ਨੇ ਵਿਰੋਧ ਦਰਜ ਕਰਵਾਇਆ ਹੈ। ਇਸ ਬਿਆਨ ਨੂੰ ਲੈ ਕੇ ਕਤਰ, ਕੁਵੈਤ ਅਤੇ ਈਰਾਨ ਨੇ ਭਾਰਤੀ ਰਾਜਦੂਤਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕਤਰ ਅਤੇ ਕੁਵੈਤ ਨੇ ਭਾਰਤ ਸਰਕਾਰ ਤੋਂ ਮੁਆਫੀ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਵੀ ਇਸ ਬਿਆਨ 'ਤੇ ਇਤਰਾਜ਼ ਜਤਾਇਆ ਹੈ।
ਇਸ ਤੋਂ ਇਲਾਵਾ ਮੁਸਲਿਮ ਦੇਸ਼ਾਂ ਦੀ ਸੰਸਥਾ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ (ਓਆਈਸੀ) ਨੇ ਵੀ ਇਤਰਾਜ਼ ਜਤਾਇਆ ਹੈ। ਸੰਗਠਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਕਿਹਾ - OIC ਦੇ ਜਨਰਲ ਸਕੱਤਰ ਨੇ ਹਾਲ ਹੀ ਵਿਚ ਪੈਗੰਬਰ ਮੁਹੰਮਦ 'ਤੇ ਭਾਰਤ ਦੀ ਸੱਤਾਧਾਰੀ ਪਾਰਟੀ ਦੇ ਇੱਕ ਨੇਤਾ ਦੁਆਰਾ ਦਿੱਤੇ ਗਏ ਬਿਆਨ ਦੀ ਆਲੋਚਨਾ ਕੀਤੀ ਹੈ। ਬਿਆਨ 'ਚ ਅੱਗੇ ਕਿਹਾ ਗਿਆ ਹੈ- ਭਾਰਤ 'ਚ ਪਿਛਲੇ ਸਮੇਂ 'ਚ ਮੁਸਲਮਾਨਾਂ ਖਿਲਾਫ਼ ਹਿੰਸਾ ਵਧੀ ਹੈ। ਕਈ ਰਾਜਾਂ 'ਚ ਹਿਜਾਬ 'ਤੇ ਪਾਬੰਦੀ ਦੇ ਨਾਲ-ਨਾਲ ਵਿਦਿਅਕ ਅਦਾਰਿਆਂ 'ਚ ਮੁਸਲਮਾਨਾਂ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਓਆਈਸੀ ਦੇ ਬਿਆਨ 'ਤੇ ਨਾਰਾਜ਼ਗੀ ਜਤਾਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ- ਭਾਰਤ ਓਆਈਸੀ ਸਕੱਤਰੇਤ ਦੀਆਂ ਬੇਲੋੜੀਆਂ ਅਤੇ ਛੋਟੀ ਸੋਚ ਵਾਲੀਆਂ ਟਿੱਪਣੀਆਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰਦਾ ਹੈ। ਭਾਰਤ ਸਰਕਾਰ ਸਾਰੇ ਧਰਮਾਂ ਨੂੰ ਸਤਿਕਾਰ ਦਿੰਦੀ ਹੈ। ਭਾਜਪਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੂਪੁਰ ਸ਼ਰਮਾ ਨੂੰ ਵੀ 6 ਸਾਲ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਭਾਰਤ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜੋ ਵੀ ਗਲਤ ਬਿਆਨਬਾਜ਼ੀ ਕੀਤੀ ਗਈ ਹੈ, ਉਹ ਭਾਰਤ ਸਰਕਾਰ ਦਾ ਅਧਿਕਾਰਤ ਸਟੈਂਡ ਨਹੀਂ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵਿਵਾਦਿਤ ਬਿਆਨ ਦੇਣ ਵਾਲੇ ਨੇਤਾਵਾਂ ਨੂੰ ਕੱਢਣ 'ਤੇ ਵੀ ਧਿਆਨ ਦਿੱਤਾ ਹੈ। ਸਾਊਦੀ ਅਰਬ ਅਤੇ ਬਹਿਰੀਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।