Lok Sabha Election 2024: 18ਵੀਂ ਲੋਕ ਸਭਾ 'ਚ ਚੁਣ ਕੇ ਆਈਆਂ 74 ਮਹਿਲਾ ਸਾਂਸਦ , ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਘਟੀ ਗਿਣਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੁਣੀਆਂ ਗਈਆਂ ਕੁੱਲ ਮਹਿਲਾ ਸੰਸਦ ਮੈਂਬਰਾਂ ਵਿੱਚੋਂ ਪੱਛਮੀ ਬੰਗਾਲ 11 ਮਹਿਲਾਵਾਂ ਦੇ ਨਾਲ ਸਭ ਤੋਂ ਅੱਗੇ

Women MPs

Lok Sabha Election 2024: ਮੰਗਲਵਾਰ ਨੂੰ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਇਸ ਵਾਰ ਕੁੱਲ 74 ਮਹਿਲਾਵਾਂ ਚੁਣੀਆਂ ਗਈਆਂ ਸਨ ਜਦੋਂ ਕਿ 2019 ਦੀਆਂ ਆਮ ਚੋਣਾਂ ਵਿੱਚ ਇਹ ਗਿਣਤੀ 78 ਸੀ। ਦੇਸ਼ ਭਰ ਤੋਂ ਹੇਠਲੇ ਸਦਨ ਲਈ ਚੁਣੀਆਂ ਗਈਆਂ ਕੁੱਲ ਮਹਿਲਾ ਸੰਸਦ ਮੈਂਬਰਾਂ ਵਿੱਚੋਂ ਪੱਛਮੀ ਬੰਗਾਲ 11 ਮਹਿਲਾਵਾਂ ਦੇ ਨਾਲ ਸਭ ਤੋਂ ਅੱਗੇ ਹੈ। ਕੁੱਲ 797 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਸ ਵਿੱਚ ਭਾਜਪਾ ਨੇ ਸਭ ਤੋਂ ਵੱਧ 69 ਮਹਿਲਾ ਉਮੀਦਵਾਰ ਅਤੇ ਕਾਂਗਰਸ ਨੇ 41 ਮਹਿਲਾ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ।

ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਇਹ ਪਹਿਲੀ ਚੋਣ ਹੈ। ਇਸ ਕਾਨੂੰਨ ਵਿੱਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਆਂ ਕਰਨ ਦਾ ਉਪਬੰਧ ਹੈ। ਇਹ ਕਾਨੂੰਨ ਅਜੇ ਤੱਕ ਲਾਗੂ ਨਹੀਂ ਹੋਇਆ।

 ਚੋਣ ਕਮਿਸ਼ਨ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ 30 ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਕਾਂਗਰਸ ਦੀਆਂ 14, ਤ੍ਰਿਣਮੂਲ ਕਾਂਗਰਸ ਦੀਆਂ 11, ਸਮਾਜਵਾਦੀ ਪਾਰਟੀ ਦੀਆਂ 4, ਡੀਐਮਕੇ ਦੀਆਂ 3 ਅਤੇ ਜਨਤਾ ਦਲ (ਯੂਨਾਈਟਿਡ) ਅਤੇ ਐਲਜੇਪੀ ਦੀਆਂ 2-2 ਮਹਿਲਾ ਉਮੀਦਵਾਰ ਜੇਤੂ ਰਹੀ। 

17ਵੀਂ ਲੋਕ ਸਭਾ ਵਿੱਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਸਭ ਤੋਂ ਵੱਧ 78 ਸੀ, ਜੋ ਕੁੱਲ ਗਿਣਤੀ ਦਾ 14 ਫੀਸਦੀ ਸੀ। 16ਵੀਂ ਲੋਕ ਸਭਾ ਵਿੱਚ 64 ਮਹਿਲਾ ਮੈਂਬਰ ਸਨ ,ਜਦੋਂ ਕਿ 15ਵੀਂ ਲੋਕ ਸਭਾ ਵਿੱਚ ਇਹ ਗਿਣਤੀ 52 ਸੀ। ਭਾਜਪਾ ਦੀ ਹੇਮਾ ਮਾਲਿਨੀ, ਤ੍ਰਿਣਮੂਲ ਦੀ ਮਹੂਆ ਮੋਇਤਰਾ, ਐਨਸੀਪੀ (ਸ਼ਰਦਚੰਦਰ ਪਵਾਰ) ਦੀ ਸੁਪ੍ਰੀਆ ਸੁਲੇ ਅਤੇ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਨੇ ਲੋਕ ਸਭਾ ਚੋਣਾਂ ਵਿੱਚ ਆਪਣੀਆਂ ਸੀਟਾਂ ਬਰਕਰਾਰ ਰੱਖੀਆਂ, ਜਦਕਿ ਕੰਗਨਾ ਰਣੌਤ ਅਤੇ ਮੀਸਾ ਭਾਰਤੀ  ਵਰਗੀਆਂ ਉਮੀਦਵਾਰਾਂ ਨੇ ਆਪਣੀ ਜਿੱਤ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਮਾਛਲੀਸ਼ਹਿਰ ਤੋਂ ਸਮਾਜਵਾਦੀ ਪਾਰਟੀ ਦੀ 25 ਸਾਲਾ ਉਮੀਦਵਾਰ ਪ੍ਰਿਆ ਸਰੋਜ ਅਤੇ ਕੈਰਾਨਾ ਸੀਟ ਤੋਂ 29 ਸਾਲਾ ਇਕਰਾ ਚੌਧਰੀ ਜਿੱਤ ਹਾਸਿਲ ਕਰਨ ਵਾਲੀ ਸਭ ਤੋਂ ਘੱਟ ਉਮਰ ਦੀਆਂ ਉਮੀਦਵਾਰਾਂ ਵਿੱਚ ਸ਼ਾਮਿਲ ਹੈ।