ਗਾਜ਼ੀਆਬਾਦ : ਮੋਮਬੱਤੀ ਫ਼ੈਕਟਰੀ ਵਿਚ ਛੇ ਮਜ਼ਦੂਰ ਔਰਤਾਂ ਸਣੇ ਸੱਤ ਜਣਿਆਂ ਦੀ ਮੌਤ, ਚਾਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਵਿਚ ਮੋਮਬੱਤੀ ਬਣਾਉਣ ਵਾਲੇ ਕਾਰਖ਼ਾਨੇ ਵਿਚ ਐਤਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ

File Photo

ਗਾਜ਼ੀਆਬਾਦ, 5 ਜੁਲਾਈ : ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਵਿਚ ਮੋਮਬੱਤੀ ਬਣਾਉਣ ਵਾਲੇ ਕਾਰਖ਼ਾਨੇ ਵਿਚ ਐਤਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਛੇ ਔਰਤ ਮਜ਼ਦੂਰਾਂ ਸਣੇ 16 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਿਚ ਚਾਰ ਮਜ਼ਦੂਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾ ਦਿਤਾ ਗਿਆ ਹੈ। ਇਸ ਗ਼ੈਰਕਾਨੂੰਨੀ ਫ਼ੈਕਟਰੀ ਵਿਚ ਬਰਥ ਡੇਅ ਕੇਕ 'ਤੇ ਲੱਗਣ ਵਾਲੇ ਪੈਨਸਲ ਬੰਬ ਅਤੇ ਮੋਮਬੱਤੀਆਂ ਬਣਾਏ ਜਾਂਦੇ ਸਨ। ਫ਼ੈਕਟਰੀ ਵਿਚ ਔਰਤਾਂ ਅਤੇ ਬੱਚੇ ਵੀ ਕੰਮ ਕਰਦੇ ਸਨ। ਪਿੰਡ ਵਿਚ ਇਹ ਫ਼ੈਕਟਰੀ ਚੱਲ ਰਹੀ ਸੀ ਅਤੇ ਆਲੇ ਦੁਆਲੇ ਦੇ ਲੋਕ ਕੰਮ ਕਰਦੇ ਹਨ।

ਅਧਿਕਾਰੀਆਂ ਨੇ ਦਸਿਆ ਕਿ ਮੋਦੀ ਨਗਰ ਇਲਾਕੇ ਵਿਚ ਪੈਂਦੇ ਕਾਰਖ਼ਾਨੇ ਵਿਚ ਦੁਪਹਿਰ ਤਿੰਨ ਕੁ ਵਜੇ ਅੱਗ ਲੱਗ ਗਈ ਜਿਸ ਦੇ ਤੁਰਤ ਬਾਅਦ ਪੁਲਿਸ ਅਤੇ ਅੱਗ ਬੁਝਾਊ ਮਹਿਕਮੇ ਦੀਆਂ ਗੱਡੀਆਂ ਮੌਕੇ 'ਤੇ ਪੁੱਜ ਗਈਆਂ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਦਾ ਨੋਟਿਸ ਲੈਂÎਦਆਂ ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਅਜੇ ਸ਼ੰਕਰ ਪਾਂਡੇ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਬਚਾਅ ਤੇ ਜਾਂਚ ਲਈ ਮੌਕੇ 'ਤੇ ਪੁੱਜਣ ਦੇ ਹੁਕਮ ਦਿਤੇ।

ਯੋਗੀ ਸਰਕਾਰ ਨੇ ਇਸ ਘਟਨਾ ਦੇ ਸਬੰਧ ਵਿਚ ਇਕ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿਤਾ ਹੈ। ਪ੍ਰਸ਼ਾਸਨ ਨੇ ਹਾਦਸੇ ਵਿਚ ਮਾਰੇ ਗਏ ਮਜ਼ਦੂਰਾਂ ਦੇ ਪਰਵਾਰਾਂ ਨੂੰ ਚਾਰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿਤੇ ਜਾਣਗੇ। ਮੁੱਖ ਮੰਤਰੀ ਦਫ਼ਤਰ ਨੇ ਦਸਿਆ, 'ਮੁੱਖ ਮੰਤਰੀ ਨੇ ਬਖਰਵਾ ਪਿੰਡ ਵਿਚ ਮੋਮਬੱਤੀ ਦੇ ਕਾਰਖ਼ਾਨੇ ਵਿਚ ਅੱਗ ਲੱਗਣ ਦੀ ਘਟਨਾ ਵਿਚ ਲੋਕਾਂ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।' ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜ਼ਿਲ੍ਹਾ ਕੁਲੈਕਟਰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਕੋਲੋਂ ਐਤਵਾਰ ਸ਼ਾਮ ਤਕ ਰੀਪੋਰਟ ਮੰਗ ਲਈ। (ਏਜੰਸੀ)