ਦੁਬਈ ਵਿਚ ਮੁੜ ਖੁਲ੍ਹਿਆ ਗੁਰੂ ਨਾਨਕ ਦਰਬਾਰ ਗੁਰਦਵਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

250 ਤੋਂ ਜ਼ਿਆਦਾ ਸੰਗਤਾਂ ਨੇ ਕੀਤੇ ਦਰਸ਼ਨ

Guru Nanak Darbar Gurdwara reopens in Dubai

ਦੁਬਈ, 5 ਜੁਲਾਈ: ਦੁਬਈ ਵਿਚ ਗੁਰੂ ਨਾਨਕ ਦਰਬਾਰ ਗੁਰਦਵਾਰਾ 110 ਦਿਨਾਂ ਤੋਂ ਬਾਅਦ ਖੋਲ੍ਹਿਆ ਗਿਆ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਸੰਯੁਕਤ ਅਰਬ ਅਮੀਰਾਤ ਵਿਚ ਜਿਥੇ ਕੋਵਿਡ-19 ਮਹਾਂਮਾਰੀ ਕਾਰਨ ਸੰਭਾਵਤ ਤੌਰ 'ਤੇ ਸਾਰੇ ਧਾਰਮਕ ਸਥਾਨ ਬੰਦ ਕਰ ਦਿਤੇ ਗਏ ਸਨ ਉਥੇ ਗੁਰੂ ਨਾਨਕ ਦਰਬਾਰ ਗੁਰਦਵਾਰਾ ਸਾਹਿਬ ਦੁਬਾਰਾ ਖੁਲ੍ਹ ਗਿਆ ਹੈ।

'ਗਲਫ ਨਿਊਜ਼' ਨੇ ਦਸਿਆ ਕਿ ਦੇਸ਼ ਭਰ ਵਿਚ ਮਸਜਿਦਾਂ ਅਤੇ ਦੁਬਈ ਦਾ ਇਕਲੌਤਾ ਹਿੰਦੂ ਮੰਦਰ ਮਾਰਚ ਦੇ ਅੱਧ ਤੋਂ ਬੰਦ ਹੋਣ ਤੋਂ ਬਾਅਦ ਪਿਛਲੇ ਹਫ਼ਤੇ ਪਹਿਲਾਂ ਹੀ ਦੁਬਾਰਾ ਖੋਲ੍ਹਿਆ ਜਾ ਚੁੱਕਾ ਸੀ। ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਦੁਬਈ ਦੀ ਕਮਿਊਨਿਟੀ ਡਿਵੈਲਪਮੈਂਟ ਅਥਾਰਟੀ ਵਲੋਂ ਮੰਜ਼ੂਰੀ ਮਿਲਣ ਤੋਂ ਬਾਅਦ ਸਨਿਚਰਵਾਰ ਨੂੰ ਇਹ ਗੁਰਦਵਾਰਾ ਸਾਹਿਬ ਮੁੜ ਖੋਲ੍ਹਿਆ ਗਿਆ।

ਸਾਵਧਾਨੀ ਦੇ ਸਾਰੇ ਉਪਾਵਾਂ ਨਾਲ, ਇਹ ਸਵੇਰੇ 9 ਵਜੇ ਤੋਂ 9:30 ਵਜੇ ਤਕ ਅਤੇ ਫਿਰ ਸ਼ਾਮ 6 ਵਜੇ ਤੋਂ 6:30 ਵਜੇ ਤਕ ਖੁਲ੍ਹਿਆ। ਸੁਰਿੰਦਰ ਸਿੰਘ ਕੰਧਾਰੀ ਨੇ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਮੁਤਾਬਕ ਇਹ ਸਮਾਂ ਸਨਿਚਰਵਾਰ ਤੋਂ ਵੀਰਵਾਰ ਤਕ ਦੋ ਹਫ਼ਤਿਆਂ ਤਕ ਚਲੇਗਾ ਜਿਸ ਤੋਂ ਬਾਅਦ ਅਧਿਕਾਰੀ ਇਸ ਮਾਮਲੇ ਬਾਰੇ ਹੋਰ ਫ਼ੈਸਲਾ ਲੈਣਗੇ। ਉਸ ਸਮੇਂ ਤਕ ਸ਼ੁਕਰਵਾਰ ਨੂੰ ਗੁਰਦਵਾਰਾ ਸਾਹਿਬ ਬੰਦ ਰਹੇਗਾ।

ਇਸ ਦੌਰਾਨ ਸਿਰਫ਼ ਥੋੜ੍ਹੇ ਸਮੇਂ ਲਈ ਸਿਰਫ਼ ਦਰਸ਼ਨ ਕਰਨ ਦੀ ਇਜਾਜ਼ਤ ਹੈ। ਅਗਲੇ ਨੋਟਿਸ ਤਕ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ। ਕੰਧਾਰੀ ਨੇ ਕਿਹਾ ਕਿ ਇਸ ਦੇ ਮੁੜ ਖੁੱਲ੍ਹਣ ਤੋਂ ਬਾਅਦ ਸਨਿਚਰਵਾਰ ਸਵੇਰੇ ਤਕਰੀਬਨ 250 ਲੋਕ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕਣ ਆਏ। ਸਾਵਧਾਨੀਆਂ ਦੇ ਹਿੱਸੇ ਵਜੋਂ, ਸੰਗਤ ਨੂੰ ਮਾਸਕ, ਦਸਤਾਨੇ ਪਾਉਣੇ ਪੈਂਦੇ ਹਨ, ਸੈਨੇਟਾਈਜ਼ਰ ਦੀ ਵਰਤੋਂ ਕਰਨੀ ਪੈਂਦੀ ਹੈ ਅਤੇ ਸਮਾਜਕ ਦੂਰੀ ਬਣਾਈ ਰਖਣੀ ਪੈਂਦੀ ਹੈ।       (ਪੀ.ਟੀ.ਆਈ)