ਮੁੰਬਈ ਵਿਚ ਭਾਰੀ ਮੀਂਹ, ਥਾਂ-ਥਾਂ ਪਾਣੀ ਭਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਵਿਚ ਨਦੀਆਂ ਨੱਕੋ-ਨੱਕ ਭਰੀਆਂ, ਦੋ ਰੁੜ੍ਹੇ

File Photo

ਮੁੰਬਈ, 5 ਜੁਲਾਈ : ਮੁੰਬਈ ਵਿਚ ਪਿਛਲੇ ਪੰਜ 48 ਘੰਟਿਆਂ ਦੌਰਾਨ ਪਏ ਮੀਂਹ ਨੇ ਚਾਰੇ ਪਾਸੇ ਜਲਥਲ ਕਰ ਦਿਤਾ ਹੈ। ਮੋਹਲੇਧਾਰ ਮੀਂਹ ਕਾਰਨ ਮਗਰੋਂ ਘੱਟੋ ਘੱਟ 10 ਇਲਾਕਿਆਂ ਵਿਚ ਬੇਤਹਾਸ਼ਾ ਪਾਣੀ ਭਰ ਗਿਆ ਹੈ ਅਤੇ ਆਵਾਜਾਈ 'ਤੇ ਕਾਫ਼ੀ ਅਸਰ ਪਿਆ ਹੈ। ਸੜਕਾਂ 'ਤੇ ਪਾਣੀ ਭਰਨ ਕਾਰਨ ਕਈ ਗੱਡੀਆਂ ਵਿਚਾਲੇ ਹੀ ਖੜੀਆਂ ਹੋ ਗਈਆਂ ਅਤੇ ਕਈ ਥਾਈਂ ਲੋਕ ਗੱਡੀਆਂ ਨੂੰ ਧੱਕਾ ਲਾਉਂਦੇ ਵੇਖੇ ਗਏ।

ਸਾਇਨ ਵਿਚ ਤਾਂ ਪੁਲਿਸ ਚੌਕੀ ਹੀ ਜਲਥਲ ਹੋ ਗਈ। ਮੌਸਮ ਵਿਭਾਗ ਮੁਤਾਬਕ ਸਨਿਚਰਵਾਰ ਨੂੰ ਮੁੰਬਈ ਵਿਚ ਲਗਭਗ 82 ਮਿਲੀਮੀਟਰ ਮੀਂਹ ਪਿਆ ਜਿਸ ਕਾਰਨ ਸ਼ਹਿਰ ਦੇ 10 ਇਲਾਕਿਆਂ ਵਿਚ ਬਹੁਤ ਜ਼ਿਆਦਾ ਪਾਣੀ ਖੜਾ ਹੋ ਗਿਆ। ਮਾਨਸੂਨ ਦੇ ਮੀਂਹ ਨਾਲ ਮੁੰਬਈ ਦਾ ਇਹ ਹਾਲ ਪਹਿਲੀ ਵਾਰ ਨਹੀਂ ਹੋਇਆ ਸਗੋਂ ਹਰ ਵਾਰ ਇੰਜ ਹੁੰਦਾ ਹੈ। ਮੁੰਬਈ ਵਿਚ ਖ਼ਰਾਬ ਮੌਸਮ ਕਾਰਨ ਸਵਿਸ ਏਅਰ ਦੀ ਫ਼ਲਾਈਟ ਨੂੰ ਹੈਦਰਾਬਾਦ ਵਿਚ ਹੀ ਉਤਾਰ ਲਿਆ ਗਿਆ।

ਦੇਸ਼ ਦੇ ਹੋਰ ਕਈ ਰਾਜਾਂ ਵਿਚ ਵੀ ਭਾਰੀ ਮੀਂਹ ਦੀਆਂ ਖ਼ਬਰਾਂ ਹਨ। ਗੁਜਰਾਤ ਦੇ ਰਾਜਕੋਟ ਵਿਚ ਵੀ ਭਾਰੀ ਮੀਂਹ ਪਿਆ ਜਿਸ ਕਾਰਨ ਨਦੀਆਂ ਨੱਕੋ ਨੱਕ ਭਰੀਆਂ ਹੋਈਆਂ ਹਨ। ਰਾਜਕੋਟ ਕੋਠਾਰੀਆ ਰਣੁਜਾ ਮੰਦਰ ਲਾਗੇ ਐਤਵਾਰ ਨੂੰਨਦੀ ਵਿਚ ਬੋਲੈਰੋ ਗੱਡੀ ਰੁੜ੍ਹ ਗਈ ਅਤੇ ਕਾਰ ਨਾਲ ਪਾਣੀ ਵਿਚ ਦੋ ਵਿਅਕਤੀ ਵੀ ਰੁੜ੍ਹ ਗਏ। ਪੁਲਿਸ ਅਤੇ ਫ਼ਾÎਇਰ ਟੀਮ ਮੌਕੇ 'ਤੇ ਪਹੁੰਚੀ ਪਰ ਦੋਹਾਂ ਵਿਅਕਤੀਆਂ ਦਾ ਕੁੱਝ ਪਤਾ ਨਹੀਂ ਲੱਗਾ। ਸਨਿਚਰਵਾਰ ਨੂੰ ਵੀ ਮੁੰਬਈ ਵਿਚ ਹਾਈ ਟਾਈਡ ਆਇਆ ਸੀ ਜਿਸ ਕਾਰਨ ਸਮੁੰਦਰ ਵਿਚ ਬਹੁਤ ਉੱਚੀਆਂ ਲਹਿਰਾਂ ਉਠੀਆਂ। ਸਨਿਚਵਾਰ ਸਵੇਰੇ ਲਗਭਗ 11 ਵਜੇ ਸਮੁੰਦਰ ਵਿਚ 4.57 ਮੀਟਰ ਤਕ ਉੱਚੀਆਂ ਲਹਿਰਾਂ ਉਠੀਆਂ ਸਨ।  (ਏਜੰਸੀ)