ਸਿੱਖ ਕਤਲੇਆਮ ਦੇ ਦੋਸ਼ੀ ਦੀ ਕੋਰੋਨਾ ਵਾਇਰਸ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਲ ਵਿਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ ਸਾਬਕਾ ਵਿਧਾਇਕ ਮਹਿੰਦਰ ਯਾਦਵ

File photo

ਨਵੀਂ ਦਿੱਲੀ, 5 ਜੁਲਾਈ (ਸੁਖਰਾਜ ਸਿੰਘ): ਸਾਲ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਜੇਲ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਦੀ ਕੋਵਿਡ-19 ਕਾਰਨ ਸਥਾਨਕ ਹਸਪਤਾਲ ਵਿਚ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਮੰਡੋਲੀ ਜੇਲ ਵਿਚ ਲਾਗ ਨਾਲ ਜਾਨ ਗਵਾਉਣ ਵਾਲਾ ਉਹ ਦੂਜਾ ਕੈਦੀ ਹੈ। ਅਧਿਕਾਰੀਆਂ ਨੇ ਦਸਿਆ ਕਿ 70 ਸਾਲਾ ਮਹਿੰਦਰ ਯਾਦਵ ਪਾਲਮ ਵਿਧਾਨ ਸਭਾ ਖੇਤਰ ਤੋਂ ਸਾਬਕਾ ਵਿਧਾਇਕ ਸੀ।

ਉਹ ਮੰਡੋਲੀ ਜੇਲ ਦੀ ਕੋਠੜੀ ਨੰਬਰ 14 ਵਿਚ ਬੰਦ ਸੀ ਜਿਥੇ ਉਹ 10 ਸਾਲ ਦੀ ਸਜ਼ਾ ਕੱਟ ਰਿਹਾ ਸੀ। ਯਾਦਵ ਨੂੰ 26 ਜੂਨ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਇਕ ਹੋਰ ਕੈਦੀ ਕੰਵਰ ਸਿੰਘ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ ਅਤੇ ਉਹ ਕੋਰੋਨਾ ਵਾਇਰਸ ਤੋਂ ਪੀੜਤ ਸੀ। ਉਹ ਵੀ ਜੇਲ ਨੰਬਰ 14 ਵਿਚ ਬੰਦ ਸੀ। ਡੀਜੀਪੀ ਜੇਲ ਸੰਦੀਪ ਗੋਇਲ ਨੇ ਦਸਿਆ ਕਿ ਯਾਦਵ ਨੇ 26 ਜੂਨ ਨੂੰ ਬੇਚੈਨੀ ਅਤੇ ਦਿਲ ਨਾਲ ਸਬੰਧਤ ਤਕਲੀਫ਼ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦਸਿਆ ਕਿ ਯਾਦਵ ਨੂੰ ਡੀਡੀਯੂ ਹਸਪਤਾਲ ਲਿਜਾਇਆ ਗਿਆ

ਜਿਥੇ ਉਸ ਨੂੰ ਉਸੇ ਦਿਨ ਐਲਐਨਜੇਪੀ ਹਸਪਤਾਲ ਵਿਚ ਭੇਜ ਦਿਤਾ ਗਿਆ। ਫਿਰ ਉਸ ਦੇ ਪਰਵਾਰ ਦੀ ਬੇਨਤੀ 'ਤੇ ਉਸ ਨੂੰ 30 ਜੂਨ  ਨੂੰ ਪੁਲਿਸ ਨਿਗਰਾਨੀ ਹੇਠ ਦਵਾਰਕਾ ਦੇ ਨਿਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਕਿਹਾ, 'ਸਾਨੂੰ ਸੂਚਨਾ ਮਿਲੀ ਹੈ ਕਿ ਮਹਿੰਦਰ ਯਾਦਵ ਦੀ ਚਾਰ ਜੁਲਾਈ ਦੀ ਸ਼ਾਮ ਹਸਪਤਾਲ ਵਿਚ ਮੌਤ ਹੋ ਗਈ ਹੈ।' ਅਧਿਕਾਰੀਆਂ ਨੇ ਦਸਿਆ ਕਿ ਯਾਦਵ ਦਸੰਬਰ 2018 ਤੋਂ ਜੇਲ ਵਿਚ ਬੰਦ ਸੀ।      (ਏਜੰਸੀ)