ਇਕ ਦਿਨ ਵਿਚ ਸੱਭ ਤੋਂ ਵੱਧ 24,850 ਨਵੇਂ ਮਾਮਲੇ, 613 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 19268 ਹੋਈ

Corona virus

ਨਵੀਂ ਦਿੱਲੀ, 5 ਜੁਲਾਈ : ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 24850 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਕੋਵਿਡ-19 ਦੇ ਕੁਲ ਮਾਮਲਿਆਂ ਦੀ ਗਿਣਛੀ 673165 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਇਸ ਮਹਾਂਮਾਰੀ ਨਾਲ 613 ਹੋਰ ਲੋਕਾਂ ਦੀ ਮੌਤ ਹੋਣ ਨਾਲ ਐਤਵਾਰ ਨੂੰ ਮ੍ਰਿਤਕਾਂ ਦੀ ਗਿਣਤੀ 19268 ਹੋ ਗਈ।

ਦੇਸ਼ ਵਿਚ ਲਗਾਤਾਰ ਤੀਜੇ ਦਿਨ ਲਾਗ ਦੇ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੁਨੀਆਂ ਭਰ ਵਿਚ ਕੋਵਿਡ 19 ਦੇ ਸਬੰਧ ਵਿਚ ਅੰਕੜੇ ਇਕੱਠੇ ਕਰ ਰਹੀ ਅਮਰੀਕਾ ਦੀ ਜਾਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਮਗਰੋਂ ਭਾਰਤ ਇਸ ਸੰਸਾਰ ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਚੌਥਾ ਮੁਲਕ ਹੈ। ਮ੍ਰਿਤਕਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਅਠਵੇਂ ਸਥਾਨ 'ਤੇ ਹੈ।

ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਚ ਕੋਵਿਡ 19 ਦੇ ਮਾਮਲੇ ਦੋ ਲੱਖ ਤੋਂ ਵੱਧ ਹੋ ਗਏ ਹਨ। ਇਥੇ ਇਕ ਦਿਨ ਵਿਚ ਲਾਗ ਦੇ 7074 ਨਵੇਂ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ਵਿਚ ਤਾਮਿਲਨਾਡੂ ਵਿਚ ਲਾਗ ਦੇ 4280 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਦਿੱਲੀ, ਤੇਲੰਗਾਨਾ, ਕਰਨਾਟਕ, ਆਸਾਮ ਅਤੇ ਬਿਹਾਰ ਵਿਚ ਇਕ ਦਿਨ ਵਿਚ ਕੋਵਿਡ-19 ਦੇ ਕੁਲ 7935 ਨਵੇਂ ਮਾਮਲੇ ਸਾਹਮਣੇ ਆਏ।

ਇਕ ਦਿਨ ਦੇ ਸਾਹਮਣੇ ਆਏ ਕੁਲ ਮਾਮਲਿਆਂ ਵਿਚੋਂ 78 ਫ਼ੀ ਸਦੀ ਮਾਮਲੇ ਇਨ੍ਹਾਂ ਸੱਤ ਰਾਜਾਂ ਤੋਂ ਹਨ। ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਹੁਣ ਤਕ 409082 ਮਰੀਜ਼ ਠੀਕ ਹੋ ਚੁਕੇ ਹਨ ਜਦਕਿ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ 244814 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਠੀਕ ਹੋ ਚੁਕੇ ਲੋਕਾਂ ਅਤੇ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ ਵਿਚ ਫ਼ਰਕ 164268 ਦਾ ਹੋ ਗਿਆ। ਇਸ ਸਬੰਧ ਵਿਚ ਅਧਿਕਾਰੀ ਨੇ ਕਿਹਾ, 'ਹੁਣ ਤਕ ਲਗਭਗ 60.77 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ।' ਲਾਗ ਦੇ ਮਰੀਜ਼ਾਂ ਵਿਚ ਵਿਦੇਸ਼ੀ ਮਰੀਜ਼ ਵੀ ਸ਼ਾਮਲ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਚਾਰ ਜੁਲਾਈ ਤਕ ਕੁਲ 9789066 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ ਜਿਨ੍ਹਾਂ ਵਿਚੋਂ 248934 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈ।

ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ ਮੌਤ ਦੇ 613 ਮਾਮਲਿਆਂ ਵਿਚ 295 ਮਹਾਰਾਸ਼ਟਰ ਤੋਂ, 81 ਦਿੱਲੀ ਤੋਂ, 65 ਤਾਮਿਲਨਾਡੂ ਤੋਂ, 42 ਕਰਨਾਟਕ ਤੋਂ, 24 ਯੂਪੀ ਤੋਂ, 21 ਗੁਜਰਾਤ ਤੋਂ, 19 ਪਛਮੀ ਬੰਗਾਲ ਤੋਂ, 12 ਆਂਧਰਾ ਪ੍ਰਦੇਸ਼ ਤੋਂ, ਨੌਂ ਬਿਹਾਰ ਤੋਂ, ਅੱਠ ਜੰਮੂ ਕਸ਼ਮੀਰ ਤੋਂ, ਸੱਤ ਰਾਜਸਥਾਨ ਤੋਂ ਸ਼ਾਮਲ ਹਨ। (ਏਜੰਸੀ)

ਮਰੀਜ਼ਾਂ ਦੇ ਠੀਕ ਹੋਣ ਦੀ ਦਰ 21 ਰਾਜਾਂ ਵਿਚ ਕੌਮੀ ਔਸਤ ਨਾਲੋਂ ਵੱਧ
ਨਵੀਂ ਦਿੱਲੀ, 5 ਜੁਲਾਈ : ਦਿੱਲੀ, ਗੁਜਰਾਤ ਅਤੇ ਯੂਪੀ ਸਣੇ 21 ਰਾਜਾਂ ਵਿਚ ਕੋਵਿਡ-19 ਤੋਂ ਠੀਕ ਹੋਣ ਦੀ ਦਰ ਕੌਮੀ ਔਸਤ 60.77 ਫ਼ੀ ਸਦੀ ਦੀ ਤੁਲਨਾ ਵਿਚ ਜ਼ਿਆਦਾ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿਤੀ। ਅਧਿਕਾਰੀਆਂ ਨੇ ਦਸਿਆ ਕਿ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕੌਮੀ ਔਸਤ ਨਾਲੋਂ ਜ਼ਿਆਦਾ ਹੈ।        (ਏਜੰਸੀ)