ਜੰਮੂ ਦੇ ਹਵਾਈ ਫੌਜ ਸਟੇਸ਼ਨ 'ਤੇ ਸੁੱਟੇ ਦੋ ਬੰਬਾਂ ਵਿਚ ਸੀ ਲਗਭਗ 2.5 ਕਿਲੋਗ੍ਰਾਮ RDX 

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 29 ਜੂਨ ਨੂੰ ਇਸ ਘਟਨਾ ਦੀ ਜਾਂਚ ਆਪਣੇ ਹੱਥ 'ਚ ਲਈ ਸੀ।

Nearly 2.5 kg of RDX used in bombs dropped on IAF station in Jammu

ਸ੍ਰੀਨਗਰ - ਭਾਰਤੀ ਹਵਾਈ ਫ਼ੌਜ ਨੇ ਜੰਮੂ 'ਚ ਸਥਿਤ ਸਟੇਸ਼ਨ 'ਤੇ 27 ਜੂਨ ਨੂੰ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨ ਸਥਿਤ ਸ਼ੱਕੀ ਅਤਿਵਾਦੀਆਂ ਵੱਲੋਂ ਡਰੋਨ ਰਾਹੀਂ ਸੁੱਟੇ ਗਏ 2 ਬੰਬਾਂ 'ਚ ਲਗਭਗ ਢਾਈ ਕਿਲੋਗ੍ਰਾਮ ਆਰ.ਡੀ.ਐੱਕਸ. ਦੀ ਵਰਤੋਂ ਕੀਤੀ ਗਈ ਸੀ। ਇਹ ਜਾਣਕਾਰੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਸਾਂਝੀ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 29 ਜੂਨ ਨੂੰ ਇਸ ਘਟਨਾ ਦੀ ਜਾਂਚ ਆਪਣੇ ਹੱਥ 'ਚ ਲਈ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਜਾਂਚਕਰਤਾਵਾਂ ਵਲੋਂ ਕੀਤੀ ਗਈ ਪੜਤਾਲ 'ਚ ਲਸ਼ਕਰ-ਏ-ਤੋਇਬਾ ਦੇ ਅਤਿਵਾਦੀਆਂ ਦੇ ਸ਼ਾਮਲ ਹੋਣ ਦਾ ਸੰਕੇਤ ਮਿਲਿਆ ਹੈ, ਜਿਨ੍ਹਾਂ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ 'ਇੰਟਰ ਸਰਵਿਸ ਇੰਟੈਲੀਜੈਂਸ' (ਆਈ.ਐੱਸ.ਆਈ.) ਤੋਂ ਮਦਦ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਰਹੱਦ ਪਾਰ ਤੋਂ ਲਗਭਗ ਢਾਈ ਕਿਲੋਗ੍ਰਾਮ ਆਰ.ਡੀ.ਐੱਕਸ. ਵਿਸਫ਼ੋਟਕ ਨਾਲ ਬੰਬ ਨੂੰ ਡਰੋਨ ਨਾਲ ਭੇਜਿਆ ਗਿਆ ਸੀ।

ਜੰਮੂ ਹਵਾਈ ਅੱਡੇ ਤੋਂ ਕੌਮਾਂਤਰੀ ਸਰਹੱਦ ਤੱਕ ਦੀ ਦੂਰੀ 14 ਕਿਲੋਮੀਟਰ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਾਲੀ ਜਗ੍ਹਾ ਤੋਂ ਨਮੂਨਿਆਂ ਦੀ ਜਾਂਚ ਤੋਂ ਬਾਅਦ ਵਿਸਫ਼ੋਟ 'ਚ ਆਰ.ਡੀ.ਐੱਕਸ. ਦੇ ਇਸਤੇਮਾਲ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਕਿਹਾ ਕਿ ਇਕ ਬੰਬ 'ਚ ਡੇਢ ਕਿਲੋਗ੍ਰਾਮ ਜਦੋਂ ਕਿ ਦੂਜੇ 'ਚ ਇਕ ਕਿਲੋਗ੍ਰਾਮ ਆਰ.ਡੀ.ਐੱਕਸ. ਸੀ।