14 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ ਚੰਦਰਯਾਨ-3, ਇਸਰੋ ਨੇ ਕੀਤਾ ਐਲਾਨ
ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਲੈਂਡਿੰਗ 'ਤੇ ਕੇਂਦਰਿਤ ਕੀਤਾ ਜਾ ਰਿਹਾ ਧਿਆਨ
ਨਵੀਂ ਦਿੱਲੀ : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਚਿਰਾਂ ਤੋਂ ਉਡੀਕੀ ਜਾ ਰਹੀ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਤਰੀਕ ਦਾ ਐਲਾਨ ਕੀਤਾ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਏਜੰਸੀ ਨੇ 12 ਤੋਂ 19 ਜੁਲਾਈ ਦਰਮਿਆਨ ਤਰੀਕ ਤੈਅ ਕੀਤੀ ਸੀ।
ਚੰਦਰਯਾਨ-3 ਦਾ ਧਿਆਨ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਲੈਂਡਿੰਗ ਕਰਨ 'ਤੇ ਹੈ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਦਸਿਆ ਕਿ ਚੰਦਰਯਾਨ-3 ਮਿਸ਼ਨ ਤਹਿਤ ਇਸਰੋ 23 ਅਗਸਤ ਜਾਂ 24 ਅਗਸਤ ਨੂੰ ਚੰਦਰਮਾ 'ਤੇ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕਰੇਗਾ। ਪੁਲਾੜ ਦੇ ਖੇਤਰ ਵਿਚ ਇਹ ਭਾਰਤ ਦੀ ਇਕ ਹੋਰ ਵੱਡੀ ਸਫਲਤਾ ਹੋਵੇਗੀ।
ਜਾਣਕਾਰੀ ਮੁਤਾਬਕ ਚੰਦਰਯਾਨ-2 ਤੋਂ ਬਾਅਦ ਇਸ ਮਿਸ਼ਨ ਨੂੰ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਲੈਂਡਿੰਗ ਲਈ ਭੇਜਿਆ ਜਾ ਰਿਹਾ ਹੈ। ਚੰਦਰਯਾਨ-2 ਮਿਸ਼ਨ ਆਖਰੀ ਪੜਾਅ 'ਚ ਅਸਫਲ ਰਿਹਾ ਸੀ। ਇਸ ਦਾ ਲੈਂਡਰ ਇਕ ਝਟਕੇ ਨਾਲ ਧਰਤੀ ਦੀ ਸਤ੍ਹਾ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਸ ਦਾ ਧਰਤੀ ਦੇ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਚੰਦਰਯਾਨ-3 ਨੂੰ ਉਸੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਭੇਜਿਆ ਜਾ ਰਿਹਾ ਹੈ।
ਇਸਰੋ ਦੇ ਅਧਿਕਾਰੀਆਂ ਮੁਤਾਬਕ ਚੰਦਰਯਾਨ-3 ਮਿਸ਼ਨ ਚੰਦਰਯਾਨ-2 ਦਾ ਅਗਲਾ ਪੜਾਅ ਹੈ, ਜੋ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ ਅਤੇ ਪ੍ਰੀਖਣ ਕਰੇਗਾ। ਇਹ ਚੰਦਰਯਾਨ-2 ਵਰਗਾ ਦਿਖਾਈ ਦੇਵੇਗਾ, ਜਿਸ ਵਿਚ ਇਕ ਆਰਬਿਟਰ, ਇਕ ਲੈਂਡਰ ਅਤੇ ਇਕ ਰੋਵਰ ਹੋਵੇਗਾ। ਚੰਦਰਯਾਨ-3 ਦਾ ਧਿਆਨ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਲੈਂਡਿੰਗ ਕਰਨ 'ਤੇ ਹੈ।
ਮਿਸ਼ਨ ਦੀ ਸਫ਼ਲਤਾ ਲਈ ਨਵੇਂ ਉਪਕਰਨ ਬਣਾਏ ਗਏ ਹਨ। ਐਲਗੋਰਿਦਮ ਵਿਚ ਸੁਧਾਰ ਕੀਤਾ ਗਿਆ ਹੈ। ਚੰਦਰਯਾਨ-2 ਮਿਸ਼ਨ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਵਿਚ ਅਸਫ਼ਲ ਰਹਿਣ ਦੇ ਕਾਰਨਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਰਾਸ਼ਟਰੀ ਪੁਲਾੜ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਚੰਦਰਯਾਨ-3 ਵਾਲੇ ਐਨਕੈਪਸਲੇਟਡ ਅਸੈਂਬਲੀ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ 'ਤੇ LVM3 ਨਾਲ ਜੋੜਿਆ ਗਿਆ ਸੀ। ਇਸ ਮਿਸ਼ਨ ਨਾਲ ਭਾਰਤ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੰਦਰਮਾ 'ਤੇ ਸਾਫਟ ਲੈਂਡ ਕਰਨ ਵਾਲਾ ਦੁਨੀਆਂ ਦਾ ਚੌਥਾ ਦੇਸ਼ ਬਣ ਜਾਵੇਗਾ।