ਇਸ ਸਾਲ 50,000 ਮੁਲਾਜ਼ਮਾਂ ਦੀ ਭਰਤੀ ਕਰਨਗੇ ਸਰਕਾਰੀ ਬੈਂਕ
21,000 ਅਧਿਕਾਰੀ ਹੋਣਗੇ ਅਤੇ ਬਾਕੀ ਕਲਰਕਾਂ ਸਮੇਤ ਸਟਾਫ ਹੋਣਗੇ।
ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕ ਚਾਲੂ ਵਿੱਤੀ ਸਾਲ ’ਚ ਅਪਣੀ ਵਧਦੀ ਕਾਰੋਬਾਰੀ ਜ਼ਰੂਰਤ ਅਤੇ ਵਿਸਥਾਰ ਨੂੰ ਪੂਰਾ ਕਰਨ ਲਈ ਲਗਭਗ 50,000 ਮੁਲਾਜ਼ਮਾਂ ਦੀ ਭਰਤੀ ਕਰਨਗੇ। ਵੱਖ-ਵੱਖ ਬੈਂਕਾਂ ਤੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਕੁਲ ਨਵੀਂ ਭਰਤੀ ਵਿਚੋਂ ਲਗਭਗ 21,000 ਅਧਿਕਾਰੀ ਹੋਣਗੇ ਅਤੇ ਬਾਕੀ ਕਲਰਕਾਂ ਸਮੇਤ ਸਟਾਫ ਹੋਣਗੇ।
ਜਨਤਕ ਖੇਤਰ ਦੇ 12 ਬੈਂਕਾਂ ਵਿਚੋਂ ਸੱਭ ਤੋਂ ਵੱਡੀ ਕੰਪਨੀ ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ.) ਵਿੱਤੀ ਸਾਲ ਵਿਚ ਵਿਸ਼ੇਸ਼ ਅਧਿਕਾਰੀਆਂ ਸਮੇਤ ਲਗਭਗ 20,000 ਕਰਮਚਾਰੀਆਂ ਨੂੰ ਨੌਕਰੀ ਦੇਣ ਜਾ ਰਿਹਾ ਹੈ। ਇਸ ਪ੍ਰਕਿਰਿਆ ਦੀ ਸ਼ੁਰੂਆਤ ਕਰਦਿਆਂ ਐਸ.ਬੀ.ਆਈ. ਨੇ ਦੇਸ਼ ਭਰ ਵਿਚ ਅਪਣੀਆਂ ਬ੍ਰਾਂਚਾਂ ਵਿਚ ਗਾਹਕਾਂ ਦੇ ਅਨੁਭਵ ਨੂੰ ਵਧਾਉਣ ਲਈ ਪਹਿਲਾਂ ਹੀ 505 ਪ੍ਰੋਬੇਸ਼ਨਰੀ ਅਫਸਰ (ਪੀ.ਓ.) ਅਤੇ 13,455 ਜੂਨੀਅਰ ਸਹਿਯੋਗੀਆਂ ਦੀ ਨਿਯੁਕਤੀ ਕੀਤੀ ਹੈ। 13,455 ਜੂਨੀਅਰ ਸਹਿਯੋਗੀਆਂ ਦੀ ਭਰਤੀ ਦਾ ਉਦੇਸ਼ 35 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਖਾਲੀ ਅਸਾਮੀਆਂ ਨੂੰ ਭਰਨਾ ਹੈ।
ਮਾਰਚ 2025 ਤਕ ਐਸ.ਬੀ.ਆਈ. ਦੇ ਕੁਲ ਸਟਾਫ ਦੀ ਗਿਣਤੀ 2,36,226 ਸੀ। ਇਨ੍ਹਾਂ ਵਿਚੋਂ 1,15,066 ਅਧਿਕਾਰੀ ਪਿਛਲੇ ਵਿੱਤੀ ਸਾਲ ਦੇ ਅੰਤ ’ਚ ਬੈਂਕ ਦੀ ਸੂਚੀ ’ਚ ਸਨ। ਸਾਲ 2024-25 ਲਈ ਪ੍ਰਤੀ ਪੂਰੇ ਸਮੇਂ ਦੇ ਕਰਮਚਾਰੀ ਦੀ ਔਸਤ ਭਰਤੀ ਲਾਗਤ 40,440.59 ਰੁਪਏ ਸੀ।
ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਚਾਲੂ ਵਿੱਤੀ ਸਾਲ ’ਚ ਅਪਣੇ ਕਰਮਚਾਰੀਆਂ ਦੀ ਗਿਣਤੀ ਵਧਾ ਕੇ 5,500 ਤੋਂ ਵੱਧ ਕਰਨ ਦਾ ਇਰਾਦਾ ਰੱਖਿਆ ਹੈ। ਮਾਰਚ 2025 ਤਕ, ਪੀ.ਐਨ.ਬੀ. ਕੋਲ ਕੁਲ ਸਟਾਫ ਦੀ ਗਿਣਤੀ 1,02,746 ਹੈ।
ਇਕ ਹੋਰ ਸਰਕਾਰੀ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਨੇ ਚਾਲੂ ਵਿੱਤੀ ਸਾਲ ਦੌਰਾਨ ਲਗਭਗ 4,000 ਕਰਮਚਾਰੀਆਂ ਦੀ ਭਰਤੀ ਕਰਨ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਵਿੱਤ ਮੰਤਰਾਲੇ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਸਹਾਇਕ ਕੰਪਨੀਆਂ ’ਚ ਅਪਣੇ ਨਿਵੇਸ਼ ਨੂੰ ਮੁਦਰੀਕਰਨ ਕਰਨ ਉਤੇ ਵਿਚਾਰ ਕਰਨ।