ਮਿਆਦ ਪੁਗਾ ਚੁੱਕੇ ਵਾਹਨਾਂ 'ਤੇ ਪਾਬੰਦੀ ਹਟਾਉਣ ਲਈ ਰਾਜਪਾਲ ਨੇ ਦਿੱਲੀ ਸਰਕਾਰ ਨੂੰ ਲਿਖਿਆ ਪੱਤਰ
ਮੱਧ ਵਰਗ ਆਪਣੀ ਪੂਰੀ ਕਮਾਈ ਵਾਹਨ ਲੈਣ 'ਚ ਹੀ ਖ਼ਰਚ ਕਰ ਦਿੰਦਾ: ਵਿਨੈ ਕੁਮਾਰ ਸਕਸੈਨਾ
ਨਵੀਂ ਦਿੱਲੀ: ਦਿੱਲੀ ਵਿੱਚ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ (EOL ਵਾਹਨਾਂ) 'ਤੇ ਪਾਬੰਦੀ ਲਗਾਉਣ ਦੀ ਯੋਜਨਾ ਦੇ ਸੰਬੰਧ ਵਿੱਚ, ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਇਸ ਫੈਸਲੇ 'ਤੇ ਗੰਭੀਰ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਇਸ ਸਮੇਂ ਅਜਿਹੀ ਕਿਸੇ ਵੀ ਪਾਬੰਦੀ ਲਈ ਤਿਆਰ ਨਹੀਂ ਹੈ ਅਤੇ ਇਸ ਨਾਲ ਆਮ ਲੋਕਾਂ, ਖਾਸ ਕਰਕੇ ਮੱਧ ਵਰਗ ਨੂੰ ਭਾਰੀ ਨੁਕਸਾਨ ਹੋਵੇਗਾ।
LG ਨੇ ਲਿਖਿਆ ਕਿ "ਇਹ ਫੈਸਲਾ ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਜਾਇਜ਼ ਨਹੀਂ ਹੈ। ਮੱਧ ਵਰਗ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਵਾਹਨ ਖਰੀਦਦਾ ਹੈ ਅਤੇ ਅਜਿਹੇ ਵਾਹਨਾਂ ਨੂੰ ਅਚਾਨਕ 'ਅਵੈਧ' ਘੋਸ਼ਿਤ ਕਰਨਾ ਵਿਵਹਾਰਕ ਨਹੀਂ ਹੈ।" LG ਨੇ ਇਸ ਹੁਕਮ ਨੂੰ ਰੋਕ ਕੇ ਰੱਖਣ ਲਈ ਕਿਹਾ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਦੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਵਿਵਹਾਰਕਤਾ 'ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਦਿੱਲੀ ਸਰਕਾਰ ਨੂੰ 2018 ਦੇ ਹੁਕਮ ਦੀ ਸਮੀਖਿਆ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਲਈ ਕਿਹਾ ਹੈ। LG ਦਾ ਕਹਿਣਾ ਹੈ ਕਿ ਦਿੱਲੀ ਅਜਿਹੀਆਂ ਪਾਬੰਦੀਆਂ ਲਈ ਤਿਆਰ ਨਹੀਂ ਹੈ। ਲੋਕਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ।