PM ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਪ੍ਰਮੁੱਖ ਸੰਸਥਾਵਾਂ ’ਚ ਤੁਰਤ ਸੁਧਾਰਾਂ ਦੀ ਕੀਤੀ ਮੰਗ
ਕਿਹਾ, ‘ਗਲੋਬਲ ਸਾਊਥ’ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੈ
ਰੀਓ ਡੀ ਜਨੇਰੀਓ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਪ੍ਰਮੁੱਖ ਸੰਸਥਾਵਾਂ ’ਚ ਤੁਰਤ ਸੁਧਾਰਾਂ ਦੀ ਮੰਗ ਕਰਦਿਆਂ ਐਤਵਾਰ ਨੂੰ ਕਿਹਾ ਕਿ ਗਲੋਬਲ ਸਾਊਥ ਅਕਸਰ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਰਿਹਾ ਹੈ ਅਤੇ ਵਿਸ਼ਵ ਅਰਥਵਿਵਸਥਾ ’ਚ ਵੱਡਾ ਯੋਗਦਾਨ ਪਾਉਣ ਵਾਲੇ ਦੇਸ਼ ਫੈਸਲੇ ਲੈਣ ਦੀ ਮੇਜ਼ ਉਤੇ ਜਗ੍ਹਾ ਤੋਂ ਵਾਂਝੇ ਰਹਿ ਜਾਂਦੇ ਹਨ।
ਬ੍ਰਿਕਸ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ 20ਵੀਂ ਸਦੀ ’ਚ ਗਠਿਤ ਆਲਮੀ ਸੰਸਥਾਵਾਂ ’ਚ ਦੋ ਤਿਹਾਈ ਮਨੁੱਖਤਾ ਨੂੰ ਉਚਿਤ ਪ੍ਰਤੀਨਿਧਤਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ, ‘‘ਗਲੋਬਲ ਸਾਊਥ ਤੋਂ ਬਿਨਾਂ ਇਹ ਸੰਸਥਾਵਾਂ ਅਜਿਹੇ ਸਿਮ ਕਾਰਡ ਵਾਲੇ ਮੋਬਾਈਲ ਫੋਨ ਵਾਂਗ ਜਾਪਦੀਆਂ ਹਨ ਜਿਸ ’ਚ ਨੈੱਟਵਰਕ ਨਹੀਂ ਆ ਰਿਹਾ।’’
ਸਾਲਾਨਾ ਬਰਿਕਸ ਸਿਖਰ ਸੰਮੇਲਨ ਦੀ ਸ਼ੁਰੂਆਤ ਬਲਾਕ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਦੀ ਸਮੂਹ ਫੋਟੋ ਨਾਲ ਹੋਈ, ਜਿਸ ਤੋਂ ਬਾਅਦ ਬਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਸੰਬੋਧਨ ਕੀਤਾ।
ਮੋਦੀ ਨੇ ਕਿਹਾ, ‘‘ਗਲੋਬਲ ਸਾਊਥ ਅਕਸਰ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਰਿਹਾ ਹੈ। ਚਾਹੇ ਇਹ ਵਿਕਾਸ, ਸਰੋਤਾਂ ਦੀ ਵੰਡ ਜਾਂ ਸੁਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਹੋਵੇ।’’ ਪਹਿਲੇ ਪੂਰਨ ਸੈਸ਼ਨ ’ਚ ਅਪਣੀ ਟਿਪਣੀ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਸਾਊਥ ਨੂੰ ਜਲਵਾਯੂ ਵਿੱਤ, ਟਿਕਾਊ ਵਿਕਾਸ ਅਤੇ ਤਕਨਾਲੋਜੀ ਪਹੁੰਚ ਵਰਗੇ ਮੁੱਦਿਆਂ ਉਤੇ ਸੰਕੇਤਕ ਇਸ਼ਾਰੇ ਤੋਂ ਇਲਾਵਾ ਕੁੱਝ ਨਹੀਂ ਮਿਲਿਆ।
ਉਨ੍ਹਾਂ ਕਿਹਾ, ‘‘ਜਿਨ੍ਹਾਂ ਦੇਸ਼ਾਂ ਦਾ ਅੱਜ ਦੀ ਆਲਮੀ ਅਰਥਵਿਵਸਥਾ ’ਚ ਵੱਡਾ ਯੋਗਦਾਨ ਹੈ, ਉਨ੍ਹਾਂ ਨੂੰ ਫੈਸਲਾ ਲੈਣ ਦੀ ਮੇਜ਼ ਉਤੇ ਜਗ੍ਹਾ ਨਹੀਂ ਦਿਤੀ ਗਈ। ਇਹ ਸਿਰਫ ਨੁਮਾਇੰਦਗੀ ਦਾ ਸਵਾਲ ਨਹੀਂ ਹੈ, ਬਲਕਿ ਭਰੋਸੇਯੋਗਤਾ ਅਤੇ ਪ੍ਰਭਾਵਸ਼ੀਲਤਾ ਦਾ ਵੀ ਸਵਾਲ ਹੈ। ਅੱਜ ਦੁਨੀਆਂ ਨੂੰ ਇਕ ਨਵੀਂ ਬਹੁ-ਧਰੁਵੀ ਅਤੇ ਸਮਾਵੇਸ਼ੀ ਵਿਵਸਥਾ ਦੀ ਜ਼ਰੂਰਤ ਹੈ ਅਤੇ ਇਸ ਦੀ ਸ਼ੁਰੂਆਤ ਆਲਮੀ ਸੰਸਥਾਵਾਂ ਵਿਚ ਵਿਆਪਕ ਸੁਧਾਰਾਂ ਨਾਲ ਹੋਣੀ ਚਾਹੀਦੀ ਹੈ।’’
ਉਨ੍ਹਾਂ ਕਿਹਾ ਕਿ ਸੁਧਾਰ ਸਿਰਫ ਪ੍ਰਤੀਕਾਤਮਕ ਨਹੀਂ ਹੋਣੇ ਚਾਹੀਦੇ, ਸਗੋਂ ਉਨ੍ਹਾਂ ਦਾ ਅਸਲ ਅਸਰ ਵੀ ਵਿਖਾਈ ਦੇਣਾ ਚਾਹੀਦਾ ਹੈ। ਸ਼ਾਸਨ ਢਾਂਚੇ, ਵੋਟਿੰਗ ਅਧਿਕਾਰਾਂ ਅਤੇ ਲੀਡਰਸ਼ਿਪ ਦੇ ਅਹੁਦਿਆਂ ਵਿਚ ਤਬਦੀਲੀਆਂ ਹੋਣੀਆਂ ਚਾਹੀਦੀਆਂ ਹਨ। ਪ੍ਰਧਾਨ ਮੰਤਰੀ ਨੇ ਦਲੀਲ ਦਿਤੀ ਕਿ ਨੀਤੀ ਨਿਰਮਾਣ ਵਿਚ ਗਲੋਬਲ ਦੱਖਣ ਦੇ ਦੇਸ਼ਾਂ ਦੀਆਂ ਚੁਨੌਤੀਆਂ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬਰਿਕਸ ਦਾ ਵਿਸਥਾਰ ਇਸ ਤੱਥ ਦਾ ਸਬੂਤ ਹੈ ਕਿ ਇਹ ਇਕ ਅਜਿਹਾ ਸੰਗਠਨ ਹੈ ਜੋ ਸਮੇਂ ਦੇ ਅਨੁਸਾਰ ਅਪਣੇ ਆਪ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ, ‘‘ਹੁਣ ਸਾਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ, ਡਬਲਯੂ.ਟੀ.ਓ. ਅਤੇ ਬਹੁਪੱਖੀ ਵਿਕਾਸ ਬੈਂਕਾਂ ਵਰਗੀਆਂ ਸੰਸਥਾਵਾਂ ਵਿਚ ਸੁਧਾਰਾਂ ਲਈ ਉਹੀ ਇੱਛਾ ਸ਼ਕਤੀ ਵਿਖਾਉਣੀ ਪਵੇਗੀ।’’
ਉਨ੍ਹਾਂ ਕਿਹਾ, ‘‘ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ’ਚ, ਜਿੱਥੇ ਤਕਨਾਲੋਜੀ ਨੂੰ ਹਰ ਹਫਤੇ ਅਪਡੇਟ ਕੀਤਾ ਜਾਂਦਾ ਹੈ, ਕਿਸੇ ਗਲੋਬਲ ਸੰਸਥਾ ਲਈ 80 ਸਾਲਾਂ ਵਿਚ ਇਕ ਵਾਰ ਵੀ ਅਪਡੇਟ ਨਾ ਕਰਨਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਮੋਦੀ ਨੇ ਕਿਹਾ ਕਿ 21ਵੀਂ ਸਦੀ ਦੇ ਸਾਫਟਵੇਅਰ ਨੂੰ 20ਵੀਂ ਸਦੀ ਦੇ ਟਾਈਪ-ਰਾਈਟਰ ਨਹੀਂ ਚਲਾ ਸਕਦੇ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਅਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਹਿੱਤ ’ਚ ਕੰਮ ਕਰਨਾ ਅਪਣਾ ਫਰਜ਼ ਸਮਝਿਆ ਹੈ। ਮੋਦੀ ਨੇ ਕਿਹਾ, ‘ਅਸੀਂ ਬਰਿਕਸ ਦੇਸ਼ਾਂ ਦੇ ਨਾਲ ਸਾਰੇ ਵਿਸ਼ਿਆਂ ਉਤੇ ਰਚਨਾਤਮਕ ਯੋਗਦਾਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’