ਕੋਰੋਨਾ ਵਾਇਰਸ : ਮੌਤ ਦਰ ਨੂੰ ਘਟਾਉਣ ਵਿਚ ਪਲਾਜ਼ਮਾ ਥੈਰੇਪੀ ਤੋਂ ਨਹੀਂ ਹੁੰਦਾ ਕੋਈ ਫ਼ਾਇਦਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਏਮਜ਼ ਵਲੋਂ ਕੀਤੇ ਗਏ ਵਿਸ਼ਲੇਸ਼ਣ 'ਚ ਸਾਹਮਣੇ ਆਏ ਤੱਥ

Plasma Therapy

ਨਵੀਂ ਦਿੱਲੀ : ਕੋਰੋਨਾ ਵਾਇਰਸ ਤੋਂ ਠੀਕ ਹੋ ਚੁਕੇ ਮਰੀਜ਼ਾਂ ਦੇ ਪਲਾਜ਼ਮਾ ਥੈਰੇਪੀ ਤੋਂ ਕੋਵਿਡ-19 ਰੋਗੀਆਂ ਦਾ ਇਲਾਜ ਕੀਤੇ ਜਾਣ ਨਾਲ ਵੀ ਮੌਤ ਦਰ ਵਿਚ ਕਮੀ ਨਹੀਂ ਆ ਰਹੀ। ਇਲਾਜ ਦੇ ਇਸ ਤਰੀਕੇ ਦੇ ਅਸਰ ਦਾ ਵਿਸ਼ਲੇਸ਼ਣ ਕਰਨ ਲਈ ਏਮਜ਼ ਵਿਚ ਕੀਤੇ ਗਏ ਅੰਤਰਮ ਤਜਰਬਾ ਵਿਸ਼ਲੇਸ਼ਣ ਵਿਚ ਇਹ ਗੱਲ ਸਾਹਮਣੇ ਆਈ ਹੈ। ਇਸ ਇਲਾਜ ਤਹਿਤ ਕੋਵਿਡ-19 ਤੋਂ ਠੀਕ ਹੋ ਚੁਕੇ ਮਰੀਜ਼ਾਂ ਦੇ ਖ਼ੂਨ ਵਿਚ ਐਂਟੀਬਾਡੀਜ਼ ਲਿਆ ਜਾਂਦਾ ਹੈ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ ਤਾਕਿ ਉਸ ਦੀ ਰੋਗਾਂ ਨਾਲ ਲੜਨ ਵਾਲੀ ਤਾਕਤ ਨੂੰ ਵਾਇਰਸ ਨਾਲ ਲੜਨ ਵਿਚ ਤੁਰਤ ਮਦਦ ਮਿਲ ਸਕੇ।

ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਦਸਿਆ ਕਿ ਕੋਵਿਡ-19 ਦੇ 30 ਰੋਗੀਆਂ ਵਿਚਾਲੇ ਪਰਖ ਦੌਰਾਨ ਪਲਾਜ਼ਮਾ ਥੈਰੇਪੀ ਦਾ ਕੋਈ ਜ਼ਿਆਦਾ ਫ਼ਾਇਦਾ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪਰਖ ਦੌਰਾਨ ਇਕ ਗਰੁਪ ਨੂੰ ਇਲਾਜ ਨਾਲ ਪਲਾਜ਼ਮਾ ਥੈਰੇਪੀ ਦਿਤੀ ਗਈ ਜਦਕਿ ਦੂਜੇ ਸਮੂਹ ਨੂੰ ਇਲਾਜ ਦਿਤਾ ਗਿਆ।

ਦੋਹਾਂ ਗਰੁਪਾਂ ਵਿਚ ਮੌਤ ਦਰ ਬਰਾਬਰ ਰਹੀ ਅਤੇ ਰੋਗੀਆਂ ਦੀ ਹਾਲਤ ਵਿਚ ਜ਼ਿਆਦਾ ਕਲੀਨਿਕਲ ਸੁਧਾਰ ਨਹੀਂ ਆਇਆ। ਡਾ. ਗੁਲੇਰੀਆ ਨੇ ਦਸਿਆ, 'ਇਹ ਸਿਰਫ਼ ਅੰਤਰਮ ਵਿਸ਼ਲੇਸ਼ਣ ਹੈ ਅਤੇ ਸਾਨੂੰ ਜ਼ਿਆਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਕਿ ਕਿਸੇ ਉਪ ਸਮੂਹ ਨੂੰ ਪਲਾਜ਼ਮਾ ਥੈਰੇਪੀ ਤੋਂ ਫ਼ਾਇਦਾ ਹੁੰਦਾ ਹੈ।'

ਉਨ੍ਹਾਂ ਕਿਹਾ ਕਿ ਪਲਾਜ਼ਮਾ ਦੀ ਵੀ ਸੁਰੱਖਿਆ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਵਿਚ ਲੋੜੀਂਦੀ ਐਂਟੀਬਾਡੀ ਹੋਣੀ ਚਾਹੀਦੀ ਹੈ ਜੋ ਕੋਵਿਡ-19 ਰੋਗੀਆਂ ਲਈ ਲਾਹੇਵੰਦ ਹੋਵੇ। ਕੋਵਿਡ-19 ਬਾਰੇ ਬੁਧਵਾਰ ਨੂੰ ਤੀਜੇ ਨੈਸ਼ਨਲ ਕਲੀਨਿਕਲ ਗਰੈਂਡ ਰਾਊਂਡਸ 'ਤੇ ਹੋਈ ਚਰਚਾ ਵਿਚ ਪਲਾਜ਼ਮਾ ਥੈਰੇਪੀ ਦਾ ਕੋਰੋਨਾ ਵਾਇਰਸ ਤੋਂ ਪੀੜਤ ਰੋਗੀਆਂ 'ਤੇ ਹੋਣ ਵਾਲੇ ਅਸਰ ਬਾਰੇ ਚਰਚਾ ਹੋਈ।

ਵੈਬੀਨਾਰ ਵਿਚ ਏਮਜ਼ ਦੇ ਮੈਡੀਸਨ ਵਿਭਾਗ ਵਿਚ ਵਧੀਕ ਪ੍ਰੋਫ਼ੈਸਰ ਡਾ. ਮੋਨੀਸ਼ ਸੋਨੇਜਾ ਨੇ ਕਿਹਾ, 'ਪਲਾਜ਼ਮਾ ਸੁਰੱਖਿਅਤ ਹੈ। ਜਿਥੇ ਤਕ ਇਸ ਦੇ ਅਸਰ ਦੀ ਗੱਲ ਹੈ ਤਾਂ ਸਾਨੂੰ ਹੁਣ ਵੀ ਹਰੀ ਝੰਡੀ ਨਹੀਂ ਮਿਲੀ। ਇਸ ਲਈ ਕਲੀਨਿਕਲ ਵਰਤੋਂ ਢੁਕਵੀਂ ਹੈ ਅਤੇ ਕੌਮੀ ਦਿਸ਼ਾ-ਨਿਰਦੇਸ਼ਾਂ ਦੇ ਦਾਇਰੇ ਵਿਚ ਹੈ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।