ਬਿੱਲ ਗੇਟਸ ਨੇ ਦਿਤਾ ਭਰੋਸਾ, ਸਾਲ ਦੇ ਸ਼ੁਰੂ ਵਿਚ ਆ ਜਾਵੇਗੀ ਕੋਰੋਨਾ ਦੀ ਦਵਾਈ
ਸਾਲ 2021 ਦੇ ਅੰਤ ਤਕ ਮਹਾਂਮਾਰੀ ਦਾ ਹੋ ਜਾਵੇਗਾ ਅੰਤ
ਨਵੀਂ ਦਿੱਲੀ, 5 ਅਗੱਸਤ : ਪੂਰੀ ਦੁਨੀਆਂ ਕੋਰੋਨਾ ਵਾਇਰਸ ਵਿਰੁਧ ਜੰਗ ਜਿੱਤਣ ਲਈ ਵੈਕਸੀਨ ਦੀ ਉਡੀਕ ਕਰ ਰਹੀ ਹੈ। ਅਜਿਹੀ ਸਥਿਤੀ ਵਿਚ, ਦੁਨੀਆਂ ਭਰ ਦੇ ਵਿਗਿਆਨੀ ਅਤੇ ਖੋਜਕਰਤਾ ਰਾਤ ਦਿਨ ਕੋਰੋਨਾ ਵੈਕਸੀਨ ਬਣਾਉਣ ਵਿਚ ਜੁਟੇ ਹੋਏ ਹਨ। ਇਸ ਸਮੇਂ, ਬਹੁਤ ਸਾਰੇ ਟੀਕੇ ਮਨੁੱਖੀ ਅਜ਼ਮਾਇਸ਼ ਦੇ ਵੱਖ ਵੱਖ ਪੜਾਵਾਂ ਵਿਚ ਹਨ। ਇਨ੍ਹਾਂ ਵਿਚੋਂ ਬ੍ਰਿਟੇਨ ਵਿਚ ਆਕਸਫ਼ੋਰਡ ਯੂਨੀਵਰਸਿਟੀ ਦੀ ਵੈਕਸੀਨ ਸੱਭ ਤੋਂ ਅੱਗੇ ਹੈ। ਇਸ ਦੌਰਾਨ ਟੈਕ ਕੰਪਨੀ ਮਾਈਕ੍ਰੋਸਾਫ਼ਟ ਦੇ ਬਾਨੀ ਬਿਲ ਗੇਟਸ ਨੇ ਦਸਿਆ ਕਿ ਕੋਰੋਨਾ ਟੀਕਾ ਮਾਰਕੀਟ ਵਿਚ ਕਦੋਂ ਤਕ ਆ ਜਾਵੇਗਾ।
ਬਿਲ ਗੇਟਸ ਨੇ ਕਿਹਾ ਕਿ ਕੋਵਿਡ -19 ਟੀਕਾ ਅਗਲੇ ਸਾਲ ਦੇ ਸ਼ੁਰੂ ਵਿਚ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ 'ਤੇ ਇਹ ਟੀਕਾ ਸਿਰਫ ਅਮੀਰ ਦੇਸ਼ਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਮਾਮਲੇ ਵਿਚ ਵਿਸ਼ਵਵਿਆਪੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ। ਉਸ ਨੂੰ ਸਾਰੀ ਦੁਨੀਆਂ ਦੇ ਹਿੱਤਾਂ ਬਾਰੇ ਸੋਚਣਾ ਚਾਹੀਦਾ ਹੈ।
ਮਾਈਕ੍ਰੋਸਾਫ਼ਟ ਦੇ ਸੰਸਥਾਪਕ ਨੇ ਕਿਹਾ ਕਿ ਉਨ੍ਹਾਂ ਅਮਰੀਕੀ ਸੰਸਦ ਮੈਂਬਰਾਂ ਨੂੰ ਕੋਵਿਡ -19 ਟੀਕਾ ਖ਼ਰੀਦਣ ਲਈ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ 8 ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਲਈ ਉਤਸ਼ਾਹਤ ਕੀਤਾ ਹੈ। ਸਾਡੀ ਕੋਸ਼ਿਸ਼ ਹੈ ਕਿ ਕੋਵਿਡ-19 ਨੂੰ ਨਾ ਸਿਰਫ਼ ਅਮੀਰ ਦੇਸ਼ਾਂ ਵਿਚੋਂ ਹੀ ਬਲਕਿ ਸੱਭ ਤੋਂ ਗ਼ਰੀਬ ਦੇਸ਼ਾਂ ਵਿਚ ਵੀ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
ਬਿਲ ਗੇਟਸ ਦੀ ਇਕ ਸੰਸਥਾ ਬਿਲ ਐਡ ਮੇਲਿੰਡਾ ਗੇਟਸ ਫ਼ਾਊਂਡੇਸ਼ਨ ਨੇ ਕੋਵਿਡ-19 ਨਾਲ ਸਬੰਧਤ ਖੋਜ ਲਈ 25 ਕਰੋੜ ਡਾਲਰ ਦਾ ਯੋਗਦਾਨ ਪਾਇਆ ਹੈ। ਇੰਨਾ ਹੀ ਨਹੀਂ ਗੇਟਸ ਐਸਟਰਾਜ਼ੇਨੇਕਾ, ਜਾਨਸਨ ਅਤੇ ਜਾਨਸਨ ਅਤੇ ਨੋਵਾਵੈਕਸ ਦੁਆਰਾ ਬਣਾਈ ਗਈ ਕੋਵਿਡ-19 ਟੀਕੇ ਲਈ ਵਿੱਤੀ ਮਦਦ ਵੀ ਦੇ ਰਹੇ ਹਨ। ਕੋਰੋਨਾ ਵਾਇਰਸ, ਇਲਾਜ ਦੀ ਖੋਜ ਅਤੇ ਟੀਕੇ ਬਣਾਉਣ ਦੀ ਜਾਂਚ ਵਿਚ ਵਿਸ਼ਵ ਨਵੀਆਂ ਪਹਿਲਕਦਮੀਆਂ ਵਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿਚ ਇਹ ਉਮੀਦ ਕੀਤੀ ਜਾਂਦੀ ਹੈ ਕਿ 2021 ਦੇ ਅੰਤ ਤਕ ਵਿਸ਼ਵ ਗਲੋਬਲ ਮਹਾਂਮਾਰੀ ਤੋਂ ਮੁਕਤ ਹੋ ਜਾਵੇਗਾ।