ਰੱਖਿਆ ਮੰਤਰਾਲੇ ਨੇ ਮੰਨਿਆ- ਮਈ ਮਹੀਨੇ ਵਿਚ ਚੀਨ ਨੇ ਭਾਰਤੀ ਇਲਾਕਿਆਂ ਵਿਚ ਕੀਤੀ ਸੀ ਘੁਸਪੈਠ
ਰੱਖਿਆ ਮੰਤਰਾਲੇ ਨੇ ਅਧਿਕਾਰਕ ਤੌਰ ‘ਤੇ ਮੰਨਿਆ ਹੈ ਕਿ ਚੀਨੀ ਫੌਜੀਆਂ ਨੇ ਭਾਰਤੀ ਖੇਤਰ ਪੂਰਬੀ ਲਦਾਖ ਵਿਚ ਮਈ ਮਹੀਨੇ ‘ਚ ਘੁਸਪੈਠ ਕੀਤੀ ਸੀ।
ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਅਧਿਕਾਰਕ ਤੌਰ ‘ਤੇ ਮੰਨਿਆ ਹੈ ਕਿ ਚੀਨੀ ਫੌਜੀਆਂ ਨੇ ਭਾਰਤੀ ਖੇਤਰ ਪੂਰਬੀ ਲਦਾਖ ਵਿਚ ਮਈ ਮਹੀਨੇ ‘ਚ ਘੁਸਪੈਠ ਕੀਤੀ ਸੀ। ਮੰਤਰਾਲੇ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਉੱਚ ਪੱਧਰੀ ਪੰਜ ਬੈਠਕਾਂ ਦੇ ਬਾਵਜੂਦ ਵੀ ਪੈਂਗੋਂਗ ਤਸੋ ਅਤੇ ਗੋਗਰਾ ਵਿਚ ਤਣਾਅ ਜਾਰੀ ਹੈ।
ਬੀਤੇ ਮੰਗਲਵਾਰ ਨੂੰ ਰੱਖਿਆ ਮੰਤਰਾਲੇ ਦੀ ਵੈੱਬਸਾਈਟ ‘ਤੇ ਅਪਲੋਡ ਕੀਤੇ ਗਏ ਨਵੇਂ ਦਸਤਾਵੇਜ਼ ਵਿਚ ਦੱਸਿਆ ਗਿਆ ਕਿ ਬੀਜਿੰਗ ਪੱਖ ਨੇ ਕੁਗਰਾਂਗ ਨਾਲਾ ( ਹਾਟ ਸਪ੍ਰਿੰਗਸ ਦੇ ਉੱਤਰ ਵਿਚ ਪੈਟਰੋਲਿੰਗ ਪੁਆਇੰਟ-1 ਦੇ ਕੋਲ ) ਗੋਗਰਾ (ਪੀਪੀ-17ਏ) ਅਤੇ ਪੈਂਗੋਂਗ ਤਸੋ ਦੇ ਉੱਤਰੀ ਤੱਟ ਦੇ ਖੇਤਰਾਂ ਵਿਚ 17-18 ਮਈ ਨੂੰ ਸੀਮਾ ਦਾ ਉਲੰਘਣ ਕੀਤਾ ਹੈ।
ਮੰਤਰਾਲੇ ਨੇ ਦਸਤਾਵੇਜ਼ ਵਿਚ ਕਿਹਾ ਕਿ ‘5 ਮਈ ਤੋਂ ਗਲਵਾਨ ਵਿਚ ਚੀਨ ਦੀਆਂ ਗਤੀਵਿਧੀਆਂ ਵਧੀਆਂ ਸਨ’। ਇਹ ਵੀ ਲਿਖਿਆ ਗਿਆ ਹੈ ਕਿ ‘ਇਹ ਵਿਵਾਦ ਲੰਬਾ ਚੱਲ ਸਕਦਾ ਹੈ। ਭਾਰਤ ਚੀਨ ਦੇ ਵਿਵਾਦ ਨੂੰ ਖਤਮ ਕਰਨ ਲਈ ਦੋਵੇਂ ਦੇਸ਼ਾਂ ਦੇ ਕੋਰ ਕਮਾਂਡਰਾਂ ਵਿਚ 5 ਵਾਰ ਗੱਲਬਾਤ ਹੋ ਚੁੱਕੀ ਹੈ। ਐਲਏਸੀ ‘ਤੇ ਤਣਾਅ ਤਾਂ ਘਟ ਹੈ ਪਰ ਹਲਾਤਾਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੈ’।
ਇਸ ਤੋਂ ਪਹਿਲਾਂ ਖੁਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਣੇ ਲੇਹ ਦੌਰੇ ਦੌਰਾਨ ਫੌਜੀਆਂ ਨੂੰ ਸੰਬੋਧਨ ਕਰਦਿਆਂ ਇਸ ਗੱਲ ‘ਤੇ ਇਸ਼ਾਰਾ ਕੀਤਾ ਸੀ ਕਿ ਹੱਲ ਕੱਢਣ ਲਈ ਗੱਲਬਾਤ ਜਾਰੀ ਹੈ ਪਰ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਇਹ ਵਿਵਾਦ ਕਦੋਂ ਤੱਕ ਹੱਲ ਹੋਵੇਗਾ।
ਦੱਸ ਦਈਏ ਕਿ ਇਸ ਸਾਲ ਮਈ ਵਿਚ ਚੀਨ ਨੇ ਪੂਰਬੀ ਲਦਾਖ ਸੀਮਾ ਦੇ ਅੰਦਰ ਘੁਸਪੈਠ ਕੀਤੀ ਹੈ ਅਤੇ ਹਲਾਤ ਉਸ਼ ਸਮੇਂ ਜ਼ਿਆਦਾ ਵਿਗੜ ਗਏ ਜਦੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਵਿਚ ਹਿੰਸਕ ਝੜਪ ਹੋ ਗਈ, ਜਿਸ ਵਿਚ 20 ਫੌਜੀ ਸ਼ਹੀਦ ਹੋਏ ਸੀ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚ ਗੱਲਬਾਤ ਜਾਰੀ ਹੈ।