ਰਾਮ ਮੰਦਰ ਕੌਮੀ ਏਕਤਾ ਅਤੇ ਭਾਵਨਾ ਦਾ ਪ੍ਰਤੀਕ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਨੰਤਕਾਲ ਤਕ ਪੂਰੀ ਮਾਨਵਤਾ ਨੂੰ ਪ੍ਰੇਰਣਾ ਦਿੰਦਾ ਰਹੇਗਾ, ਸਦੀਆਂ ਦੀ ਉਡੀਕ ਖ਼ਤਮ ਹੋਈ

PM Narendra Modi

ਅਯੋਧਿਆ, 5 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਭੂਮੀ ਪੂਜਾ' ਕਰ ਕੇ 'ਸ੍ਰੀ ਰਾਮ ਜਨਮ ਭੂਮੀ ਮੰਦਰ' ਦਾ ਨੀਂਹ ਪੱਥਰ ਰਖਿਆ ਅਤੇ ਕਿਹਾ ਕਿ ਰਾਮ ਮੰਦਰ ਕੌਮੀ ਏਕਤਾ ਅਤੇ ਭਾਵਨਾ ਦਾ ਪ੍ਰਤੀਕ ਹੈ ਅਤੇ ਇਸ ਨਾਲ ਸਮੁੱਚੇ ਅਯੋਧਿਆ ਖੇਤਰ ਦੀ ਅਰਥਵਿਵਸਥਾ ਵਿਚ ਸੁਧਾਰ ਆਵੇਗਾ। ਰਾਮ ਮੰਦਰ ਨੂੰ ਭਾਰਤੀ ਸਭਿਆਚਾਰ ਦੀ ਖ਼ੁਸ਼ਹਾਲ ਵਿਰਾਸਤ ਦਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀਆਂ ਦੀ ਉਡੀਕ ਅੱਜ ਖ਼ਤਮ ਹੋ ਰਹੀ ਹੈ। ਇਹ ਨਾ ਸਿਰਫ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਰਧਾ ਅਤੇ ਸੰਕਲਪ ਦੀ, ਸਗੋਂ ਅਨੰਤਕਾਲ ਤਕ ਪੂਰੀ ਮਾਨਵਤਾ ਨੂੰ ਪ੍ਰੇਰਣਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਆਜ਼ਾਦੀ ਦਿਵਸ ਲੱਖਾਂ ਕੁਰਬਾਨੀਆਂ ਅਤੇ ਆਜ਼ਾਦੀ ਦੀ ਭਾਵਨਾ ਦਾ ਪ੍ਰਤੀਕ ਹੈ, ਉਸੇ ਤਰ੍ਹਾਂ ਰਾਮ ਮੰਦਰ ਨਿਰਮਾਣ ਕਈ ਪੀੜ੍ਹੀਆਂ ਦੇ ਅਖੰਡ ਤਪ, ਤਿਆਗ ਅਤੇ ਸੰਕਲਪ ਦਾ ਪ੍ਰਤੀਕ ਹੈ।ਨੀਂਹ ਪੱਥਰ ਰੱਖਣ ਮਗਰੋਂ ਉਨ੍ਹਾਂ ਸਮਾਗਮ ਨੂੰ ਸੰਬੋਧਤ ਕੀਤਾ ਅਤੇ ਇਸ ਦੀ ਸ਼ੁਰੂਆਤ 'ਸਿਯਾਵਰ ਰਾਮਚੰਦਰ ਦੀ ਜੈ' ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਹ ਨਾਹਰਾ ਸਿਰਫ਼ ਰਾਮ ਦੀ ਨਗਰੀ ਵਿਚ ਹੀ ਨਹੀਂ ਸਗੋਂ ਇਸ ਦੀ ਗੂੰਜ ਸਾਰੀ ਦੁਨੀਆਂ ਵਿਚ ਸੁਣਾਈ ਦੇ ਰਹੀ ਹੈ। ਉਨ੍ਹਾਂ ਸਾਰੇ ਦੇਸ਼ਵਾਸੀਆਂ ਨੂੰ ਅਤੇ ਸੰਸਾਰ ਵਿਚ ਫੈਲੇ ਕਰੋੜਾਂ ਰਾਮ ਭਗਤਾਂ ਨੂੰ ਇਸ 'ਪਵਿੱਤਰ' ਮੌਕੇ ਕੋਟਿਨ-ਕੋਟ ਵਧਾਈ ਦਿਤੀ। ਮੋਦੀ ਨੇ ਕਿਹਾ ਕਿ ਸਾਲਾਂ ਤੋਂ ਟਾਟ ਅਤੇ ਟੈਂਟ ਹੇਠਾਂ ਰਹੇ ਰਹੇ ਸਾਡੇ 'ਰਾਮਲੱਲਾ' ਲਈ ਹੁਣ ਸ਼ਾਨਦਾਰ ਮੰਦਰ ਬਣੇਗਾ।

ਉਨ੍ਹਾਂ ਕਿਹਾ, 'ਟੁੱਟਣਾ ਅਤੇ ਫਿਰ ਖੜਾ ਹੋਣਾ, ਸਦੀਆਂ ਤੋਂ ਚਲੇ ਆ ਰਹੇ ਘਟਨਾਕ੍ਰਮ ਤੋਂ ਰਾਮ ਜਨਮ ਭੂਮੀ ਮੁਕਤ ਹੋ ਗਈ ਹੈ। ਪੂਰਾ ਦੇਸ਼ ਜਾਹੋ-ਜਲਾਲ ਵਿਚ ਹੈ, ਹਰ ਮਨ ਮੰਗਲਮਈ ਹੈ। ਸਦੀਆਂ ਦੀ ਉਡੀਕ ਅੱਜ ਖ਼ਤਮ ਹੋ ਗਈ ਹੈ।' ਮੋਦੀ ਨੇ ਕਿਹਾ, 'ਰਾਮ ਸਾਰਿਆਂ ਦੇ ਹਨ, ਸਾਰਿਆਂ ਅੰਦਰ ਹਨ ਅਤੇ ਉਨ੍ਹਾਂ ਦੀ ਇਹ ਸਰਬਵਿਆਪਕਤਾ ਭਾਰਤ ਦੀ ਵੰਨ-ਸੁਵੰਨਤਾ ਵਿਚ ਏਕਤਾ ਦਾ ਜੀਵਨ ਚਰਿੱਤਰ ਹੈ।' ਉਨ੍ਹਾਂ ਕਿਹਾ ਕਿ ਰਾਮ ਦੀ ਸ਼ਕਤੀ ਵੇਖੋ ਕਿ ਇਮਾਰਤਾਂ ਨਸ਼ਟ ਹੋ ਗਈਆਂ, ਵਜੂਦ ਮਿਟਾਉਣ ਦਾ ਯਤਨ ਵੀ ਬਹੁਤ ਹੋਇਆ ਪਰ ਰਾਮ ਅੱਜ ਵੀ ਸਾਡੇ ਮਨ ਵਿਚ ਵਸੇ ਹਨ, ਸਾਡੇ ਸਭਿਆਚਾਰ ਦਾ ਆਧਾਰ ਹਨ।

ਇੋਡੋਨੇਸ਼ੀਆ ਵਿਚ ਰਾਮ ਦੀ ਪੂਜਾ ਹੁੰਦੀ ਹੈ- ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ ਜਿਹੇ ਸੱਭ ਤੋਂ ਵੱਧ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਵੀ ਰਾਮ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਮਾਇਣ ਦੀ ਇੰਡੋਨੇਸ਼ੀਆ, ਕੰਬੋਡੀਆ, ਲਾਓਸ, ਮਲੇਸ਼ੀਆ, ਥਾਈਲੈਂਡ, ਸ੍ਰੀਲੰਕਾ ਅਤੇ ਨੇਪਾਲ ਵਿਚ ਪੂਜਾ ਕੀਤੀ ਜਾਂਦੀ ਹੈ। ਮੋਦੀ ਨੇ ਕਿਹਾ ਕਿ ਭਗਵਾਨ ਰਾਮ ਦਾ ਜ਼ਿਕਰ ਈਰਾਨ ਅਤੇ ਚੀਨ ਤਕ ਵਿਚ ਹੋਇਆ ਹੈ ਅਤੇ ਰਾਮ ਕਥਾ ਕਈ ਦੇਸ਼ਾਂ ਵਿਚ ਪ੍ਰਚੱਲਤ ਹੈ।

ਨਵੇਂ ਯੁੱਗ ਦੀ ਸ਼ੁਰੂਆਤ : ਅਮਿਤ ਸ਼ਾਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਮ ਮੰਦਰ ਨਿਰਮਾਣ ਦਾ ਨੀਂਹ ਪੱਥਰ ਰਖਿਆ ਜਾਣਾ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਮਹਾਨ ਭਾਰਤੀ ਸਭਿਆਚਾਰ ਅਤੇ ਸਭਿਅਤਾ ਦੇ ਇਤਿਹਾਸ ਦਾ ਸੁਨਹਿਰਾ ਅਧਿਆਏ ਲਿਖਿਆ ਹੈ ਜੋ ਨਵੇਂ ਯੁੱਗ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦਾ ਨਿਰਮਾਣ ਪ੍ਰਧਾਨ ਮੰਤਰੀ ਦੀ ਮਜ਼ਬੂਤ ਅਤੇ ਫ਼ੈਸਲਾਕੁਨ ਅਗਵਾਈ ਨੂੰ ਦਰਸਾਉਂਦਾ ਹੈ। ਉਨ੍ਹਾਂ ਮੰਦਰ ਨਿਰਮਾਣ ਲਈ ਤਿਆਗ ਕਰਨ ਵਾਲੇ ਸਾਰੇ ਰਾਮ ਭਗਤਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸਦੀਆਂ ਤੋਂ ਦੁਨੀਆਂ ਭਰ ਦੇ ਹਿੰਦੂਆਂ ਦੀ ਸ਼ਰਧਾ ਦਾ ਪ੍ਰਤੀਕ ਰਿਹਾ ਹੈ।