ਪ੍ਰਧਾਨ ਮੰਤਰੀ ਨੇ ਰਾਮ ਮੰਦਰ ਉਸਾਰੀ ਲਈ ਨੀਂਹ ਪੱਥਰ ਰਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੋਧਿਆ ਵਿਚ ਰਾਮ ਮੰਦਰ ਉਸਾਰੀ ਲਈ ਭੂਮੀ ਪੂਜਨ ਕੀਤਾ ਅਤੇ ਮੰਦਰ ਦਾ ਨੀਂਹ ਪੱਥਰ ਰਖਿਆ

Ram Temple

ਅਯੋਧਿਆ, 5 ਅਗੱਸਤ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੋਧਿਆ ਵਿਚ ਰਾਮ ਮੰਦਰ ਉਸਾਰੀ ਲਈ ਭੂਮੀ ਪੂਜਨ ਕੀਤਾ ਅਤੇ ਮੰਦਰ ਦਾ ਨੀਂਹ ਪੱਥਰ ਰਖਿਆ। ਸੁਪਰੀਮ ਕੋਰਟ ਨੇ ਪਿਛਲੇ ਸਾਲ ਦਹਾਕਿਆਂ ਪੁਰਾਣੇ ਮੁੱਦੇ ਦਾ ਹੱਲ ਕਰਦਿਆਂ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਦਾ ਰਾਹ ਪਧਰਾ ਕਰ ਦਿਤਾ ਸੀ। ਮੰਦਰ ਨਿਰਮਣ ਦੀ ਨੀਂਹ ਰੱਖੇ ਜਾਣ ਨਾਲ ਹੀ ਰਾਮ ਮੰਦਰ ਲਈ ਭਾਜਪਾ ਦਾ ਚਲਾਇਆ ਗਿਆ ਅੰਦੋਲਨ ਸਿਰੇ ਚੜ੍ਹ ਗਿਆ ਹੈ ਜਿਸ ਨੇ ਭਗਵਾਂ ਦਲ ਨੂੰ ਸੱਤਾ ਦੇ ਸਿਖਰ ’ਤੇ ਪਹੁੰਚਾ ਗਿਆ। 

ਸਮਾਗਮ ਵਿਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਵੀ ਮੌਜੂਦ ਸਨ। ਧੋਤੀ ਕੁੜਤਾ ਪਾਈ ਮੋਦੀ ਨੇ ਮੰਦਰ ਦੀ ਨੀਂਹ ਦੀ ਮਿੱਟੀ ਨਾਲ ਅਪਣੇ ਮੱਥੇ ’ਤੇ ਤਿਲਕ ਲਾਇਆ। ਇਸ ਤੋਂ ਪਹਿਲਾਂ, ਮੋਦੀ ਲਖਨਊ ਤੋਂ ਹੈਲੀਕਾਪਟਰ ਰਾਹੀਂ ਅਯੋਧਿਆ ਪਹੁੰਚੇ ਜਿਥੇ ਮੁੱਖ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਮ ਮੰਦਰ ਨਿਰਮਾਣ ਲਈ ਭੂਮੀ ਪੂਜਨ ਤੋਂ ਪਹਿਲਾਂ ਮੋਦੀ ਹਨੂਮਾਨਗੜ੍ਹੀ ਦੇ ਮੰਦਰ ਪਹੁੰਚੇ ਅਤੇ ਰਾਮ ਮੰਦਰ ਨਿਰਮਾਣ ਲਈ ਹਨੂਮਾਨ ਜੀ ਕੋਲੋਂ ਆਸ਼ੀਰਵਾਦ ਮੰਗਿਆ। ਮੰਦਰ ਵਿਚ ਕੁੱਝ ਸਮਾਂ ਪੂਜਾ ਕਰਨ ਮਗਰੋਂ ਮੋਦੀ ਰਾਮ ਜਨਮ ਭੂਮੀ ਖੇਤਰ ਲਈ ਰਵਾਨਾ ਹੋਏ ਅਤੇ ਉਥੇ ਪਹੁੰਚ ਕੇ ਭਗਵਾਨ ਰਾਮ ਨੂੰ ਪ੍ਰਣਾਮ ਕੀਤਾ ਅਤੇ ਯਾਦਗਾਰੀ ਪੌਦਾ ਲਾਇਆ। ਸਮਾਗਮ ਵਿਚ ਯੂਪੀ ਦੀ ਰਾਜਪਾਲ ਆਨੰਦੀ ਬੇਨ ਪਟੇਲ, ਸ੍ਰੀਰਾਮ ਜਨਮ ਭੂਮੀ ਟਰੱਸਟ ਦੇ ਪ੍ਰਧਾਨ ਮਹੰਤ ਗੋਪਾਲ ਦਾਸ ਸਮੇਤ ਭਾਰੀ ਗਿਣਤੀ ਵਿਚ ਸਾਧੂ ਸੰਤ ਮੌਜੂਦ ਸਨ। 

ਭਗਵਾਨ ਰਾਮ ਸਰਬੋਤਮ ਇਨਸਾਨੀ ਗੁਣਾਂ ਦਾ ਰੂਪ, ਨਫ਼ਰਤ ਅਤੇ ਬੇਇਨਸਾਫ਼ੀ ਵਿਚ ਪ੍ਰਗਟ ਨਹੀਂ ਹੋ ਸਕਦੇ : ਰਾਹੁਲ
ਨਵੀਂ ਦਿੱਲੀ, 5 ਅਗੱਸਤ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਗਵਾਨ ਰਾਮ ਮਨ ਦੀਆਂ ਡੂੰਘਾਈਆਂ ਵਿਚ ਵਸੀ ਮਾਨਵਤਾ ਦੀ ਮੂਲ ਭਾਵਨਾ ਹੈ ਅਤੇ ਉਹ ਕਦੇ ਨਫ਼ਰਤ ਅਤੇ ਬੇਇਨਸਾਫ਼ੀ ਵਿਚ ਪ੍ਰਗਟ ਨਹੀਂ ਹੋ ਸਕਦੇ। ਉਨ੍ਹਾਂ ਟਵਿਟਰ ’ਤੇ ਕਿਹਾ, ‘ਮਰਿਯਾਦਾ ਪੁਰਸ਼ੋਤਮ ਭਗਵਾਨ ਰਾਮ ਸਰਬਉੱਤਮ ਇਨਸਾਨੀ ਗੁਣਾਂ ਦਾ ਰੂਪ ਹਨ। ਉਹ ਸਾਡੇ ਮਨ ਦੀਆਂ ਡੂੰਘਾਈਆਂ ਵਿਚ ਵਸੀ ਮਾਨਵਤਾ ਦੀ ਮੂਲ ਭਾਵਨਾ ਹਨ। ਰਾਮ ਪ੍ਰੇਮ ਹੈ। ਉਹ ਕਦੇ ਨਫ਼ਰਤ ਵਿਚ ਪ੍ਰਗਟ ਨਹੀਂ ਹੋ ਸਕਦੇ।’ ਉਨ੍ਹਾਂ ਕਿਹਾ, ‘ਰਾਮ ਕਰੁਣਾ ਹੈ। ਉਹ ਕਦੇ ਬੇਰਹਿਮੀ ਵਿਚ ਪ੍ਰਗਟ ਨਹੀਂ ਹੋ ਸਕਦੇ। ਰਾਮ ਨਿਆਂ ਹੈ। ਉਹ ਕਦੇ ਅਨਿਆਂ ਵਿਚ ਪ੍ਰਗਟ ਨਹੀਂ ਹੋ ਸਕਦੇ।’ 

ਮੰਦਰ ਮੁੱਦੇ ਨੂੰ ‘ਰਾਜਸੀ ਮੋਹਰੇ’ ਅਤੇ ‘ਸੱਤਾ ਦੀ ਪੌੜੀ’ ਲਈ ਵਰਤਿਆ ਗਿਆ : ਕੁਮਾਰਸਵਾਮੀ
ਮੰਦਰ ਨੂੰ ਰਾਮ ਦੇ ਸਿਧਾਂਤਾਂ ਦਾ ਪ੍ਰਤੀਕ ਬਣਨ ਦਿਤਾ ਜਾਵੇ 
ਬੰਗਲੌਰ, 5 ਅਗੱਸਤ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਭਾਜਪਾ ’ਤੇ ਵਿਅੰਗ ਕਸਦਿਆਂ ਕਿਹਾ ਕਿ ਰਾਮ ਮੰਦਰ ਦੀ ਵਰਤੋਂ ਰਾਜਸੀ ਮੋਹਰੇ ਅਤੇ ਸੱਤਾ ਤਕ ਪੁੱਜਣ ਦੀ ਪੌੜੀ ਵਜੋਂ ਕੀਤੀ ਗਈ। ਉਨ੍ਹਾਂ ਟਵਿਟਰ ’ਤੇ ਕਿਹਾ, ‘ਭਾਰਤ ਵਾਸੀਆਂ ਨੂੰ ਅਯੋਧਿਆ ਦੇ ਨਿਰਮਾਣ ਲਈ ਕਾਨੂੰਨੀ ਲੜਾਈ ਲੜਨੀ ਪਈ ਪਰ ਕੁੱਝ ਲੋਕਾਂ ਨੇ ਇਸ ਦੀ ਵਰਤੋਂ ਰਾਜਸੀ ਮੋਹਰੇ ਅਤੇ ਸੱਤਾ ਦੀ ਪੌੜੀ ਵਾਂਗ ਕੀਤੀ ਜੋ ਸਾਡੇ ਲਈ ਮਾੜੇ ਪਲਾਂ ਵਿਚੋਂ ਇਕ ਸੀ।’ ਕੁਮਾਰ ਸਵਾਮੀ ਨੇ ਕਿਸੇ ਵੀ ਪਾਰਟੀ ਦਾ ਨਾਮ ਲਏ ਬਿਨਾਂ ਇਹ ਟਿਪਣੀ ਕੀਤੀ। ਜੇਡੀਯੂ ਆਗੂ ਨੇ ਕਿਹਾ ਕਿ ਮੰਦਰ ਨੂੰ ਰਾਮ ਦੇ ਆਦਰਸ਼ਾਂ ਨੂੰ ਵਿਖਾਉਣ ਵਾਲੀ ਭਾਵਨਾ ਦਾ ਪ੍ਰਤੀਕ ਰਹਿਣ ਦਿਤਾ ਜਾਵੇ। ਸੁਆਰਥ ਨੂੰ ਖ਼ਤਮ ਕਰੋ ਅਤੇ ਸਾਰਿਆਂ ਦੀ ਖ਼ੁਸ਼ਹਾਲੀ ਦੀ ਅਰਦਾਸ ਕਰੋ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਮ ਮੰਦਰ ਬਣਨ ਦੇ ਭਾਰਤ ਦੇ ਕਰੋੜਾਂ ਲੋਕਾਂ ਦੇ ਸੁਪਨੇ ਦੇ ਪੂਰਾ ਹੋਣ ਦਾ ਸਮਾਂ ਆ ਗਿਆ ਹੈ ਅਤੇ ਮੰਦਰ ਨੂੰ ਰਾਮ ਦੇ ਸਿਧਾਂਤਾਂ ਦਾ ਪ੍ਰਤੀਕ ਬਣਨ ਦਿਤਾ ਜਾਵੇ ਜੋ ਸਾਰਿਆਂ ਦੇ ਦਿਲੋ-ਦਿਮਾਗ਼ ਵਿਚ ਹੈ।