ਵੱਖ-ਵੱਖ ਵਿਰੋਧੀ ਧਿਰਾਂ ਵਲੋਂ ਨੀਂਹ ਪੱਥਰ ਰੱਖੇ ਜਾਣ ਦਾ ਸਵਾਗਤ
ਰਾਮ ਦੇ ਆਸ਼ੀਰਵਾਦ ਨਾਲ ਸਾਰੀਆਂ ਸਮੱਸਿਆਵਾਂ ਖ਼ਤਮ ਹੋਣ : ਕੇਜਰੀਵਾਲ
ਨਵੀਂ ਦਿੱਲੀ, 5 ਅਗੱਸਤ : ਵੱਖ-ਵੱਖ ਰਾਜਸੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਨੀਂਹ ਪੱਥਰ ਰੱਖੇ ਜਾਣ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਇਸ ਨਾਲ ਕੌਮੀ ਏਕਤਾ ਅਤੇ ਸਾਂਝੀਵਾਲਤਾ ਦਾ ਰਾਹ ਪਧਰਾ ਹੋਵੇਗਾ। ਵੱਖ ਵੱਖ ਆਗੂਆਂ ਨੇ ਉਮੀਦ ਪ੍ਰਗਟਾਈ ਕਿ ਦੇਸ਼ ਹੋਰ ਤਰੱਕੀ ਕਰੇਗਾ ਅਤੇ ਲੋਕ ਭਗਵਾਨ ਰਾਮ ਦੇ ਆਦਰਸ਼ਾਂ ਦੀ ਪਾਲਣਾ ਕਰਨਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ਵਾਸੀਆਂ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ, 'ਭਗਵਾਨ ਰਾਮ ਦਾ ਆਸ਼ੀਰਵਾਦ ਸਾਡੇ ਸਾਰਿਆਂ 'ਤੇ ਰਹੇ।
ਉਨ੍ਹਾਂ ਦੇ ਆਸ਼ੀਰਵਾਦ ਨਾਲ ਸਾਡੇ ਦੇਸ਼ ਨੂੰ ਭੁੱਖਮਰੀ, ਅਨਪੜ੍ਹਤਾ ਅਤੇ ਗ਼ਰੀਬੀ ਤੋਂ ਮੁਕਤੀ ਮਿਲੇ ਅਤੇ ਭਾਰਤ ਦੁਨੀਆਂ ਦਾ ਸੱਭ ਤੋਂ ਤਾਕਤਵਰ ਮੁਲਕ ਬਣੇ। ਆਉਣ ਵਾਲੇ ਸਮੇਂ ਵਿਚ ਭਾਰਤ ਦੁਨੀਆਂ ਨੂੰ ਦਿਸ਼ਾ ਦੇਵੇ। ਜੈ ਸ੍ਰੀ ਰਾਮ, ਜੈ ਬਜਰੰਗ ਬਲੀ।' ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, 'ਹਿੰਦੂ ਮੁਸਲਿਮ ਸਿੱਖ ਈਸਾਈ, ਆਪਸ ਵਿਚ ਹਨ ਭਾਈ ਭਾਈ। ਮੇਰਾ ਭਾਰਤ ਮਹਾਨ, ਮਹਾਨ ਮੇਰਾ ਹਿੰਦੁਸਤਾਨ।' ਉਨ੍ਹਾਂ ਕਿਹਾ, 'ਸਾਡੇ ਦੇਸ਼ ਨੇ ਵੰਨ-ਸੁਵੰਨਤਾ ਵਿਚ ਏਕਤਾ ਦੀਆਂ ਦਹਾਕਿਆਂ ਪੁਰਾਣੀਆਂ ਰਵਾਇਤਾਂ ਹਮੇਸ਼ਾ ਕਾਇਮ ਰਖੀਆਂ ਹਨ ਅਤੇ ਸਾਨੂੰ ਅਪਣੇ ਆਖ਼ਰੀ ਸਾਹ ਤਕ ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਲੋੜ ਹੈ।'
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਅੱਜ ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ 'ਤੇ ਆਧਾਰਤ ਬਰਾਬਰੀ ਭਰਿਆ ਸਮਾਜ ਉਸਾਰਨ ਵਲ ਧਿਆਨ ਕੇਂਦਰਤ ਕਰਨ ਲੋੜ ਹੈ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਉਮੀਦ ਪ੍ਰਗਟਾਈ ਕਿ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਵੀ ਰਾਮ ਦੇ ਵਿਖਾਏ ਰਾਹ 'ਤੇ ਚਲਣਗੀਆਂ ਅਤੇ ਸੱਚੇ ਮਨ ਨਾਲ ਸਰਬੱਤ ਦੇ ਭਲੇ ਅਤੇ ਸ਼ਾਂਤੀ ਲਈ ਮਰਿਯਾਦਾ ਦੀ ਪਾਲਣਾ ਕਰਨਗੀਆਂ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਭਗਵਾਨ ਰਾਮ ਸਾਰਿਆਂ ਲਈ ਇਨਸਾਫ਼, ਸਹੀ ਕਿਰਦਾਰ, ਨਿਰਪੱਖਤਾ ਅਤੇ ਦ੍ਰਿੜਤਾ, ਨੈਤਿਕ ਈਮਾਨਦਾਰੀ ਅਤੇ ਹੌਸਲੇ ਦੇ ਪ੍ਰਤੀਕ ਹਨ।