ਜਿਥੇ ਪ੍ਰਧਾਨ ਮੰਤਰੀ ਨੇ ਪੂਜਾ ਕੀਤੀ, ਉਥੇ 400 ਸਾਲ ਤੋਂ ਮਸਜਿਦ ਸੀ : ਓਵੈਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਾਗਮ ਵਿਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਧਰਮਨਿਰਪੱਖਤਾ ਉਤੇ ਹਿੰਦੂਤਵ ਦੀ ਜਿੱਤ ਕਰਾਰ

Owaisi

ਹੈਦਰਾਬਾਦ, 5 ਅਗੱਸਤ : ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਅਯੋਧਿਆ ਵਿਚ ਪ੍ਰਧਾਨ ਮੰਤਰੀ ਦੇ ਭਾਸ਼ਨ 'ਤੇ ਟਿਪਣੀ ਕਰਦਿਆਂ ਕਿਹਾ,'ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਅੱਜ ਭਾਵੁਕ ਸਨ, ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਮੈਂ ਵੀ ਓਨਾ ਹੀ ਭਾਵੁਕ ਸੀ। ਮੈਂ ਇਕੱਠੇ ਰਹਿਣ ਅਤੇ ਨਾਗਰਿਕਾਂ ਦੀ ਬਰਾਬਰੀ ਵਿਚ ਵਿਸ਼ਵਾਸ ਰਖਦਾ ਹਾਂ। ਪ੍ਰਧਾਨ ਮੰਤਰੀ ਜੀ ਮੈਂ ਭਾਵੁਕ ਹਾਂ ਕਿਉਂਕਿ 450 ਸਾਲ ਤੋਂ ਉਥੇ ਮਸਜਿਦ ਬਣੀ ਹੋਈ ਸੀ।' ਉਨ੍ਹਾਂ ਕਿਹਾ ਕਿ ਭਾਰਤ ਧਰਮਨਿਰਪੱਖ ਮੁਲਕ ਹੈ। ਪ੍ਰਧਾਨ ਮੰਤਰੀ ਨੇ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਦਾ ਨੀਂਹ ਪੱਥਰ ਰੱਖ ਕੇ, ਅਹੁਦਾ ਸਾਂਭਣ ਸਮੇਂ ਜਿਹੜੀ ਸਹੁੰ ਖਾਧੀ ਸੀ, ਉਸ ਨੂੰ ਤੋੜ ਦਿਤਾ ਹੈ।

ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦੇਸ਼ ਵਿਚ ਜਮਹੂਰੀਅਤ ਅਤੇ ਧਰਮਨਿਰਪੱਖਤਾ ਦੀ ਹਾਰ ਦਾ ਦਿਨ ਹੈ। ਇਹ ਦਿਨ ਹਿੰਦੂਤਵ ਦੀ ਸਫ਼ਲਤਾ ਦਾ ਦਿਨ ਹੈ। ਓਵੈਸੀ ਨੇ ਕਿਹਾ, 'ਅਯੋਧਿਆ ਵਿਚ ਜਿਸ ਤਰ੍ਹਾਂ ਬਾਬਰੀ ਮਸਜਿਦ ਨੂੰ ਡੇਗਿਆ ਗਿਆ ਸੀ, ਉਸ ਲਈ ਸਿਰਫ਼ ਭਾਜਪਾ ਹੀ ਨਹੀਂ ਸਗੋਂ ਕਾਂਗਰਸ ਵੀ ਬਰਾਬਰ ਦੀ ਦੋਸ਼ੀ ਹੈ। ਅੱਜ ਇਹ ਅਖੌਤੀ ਸੈਕੂਲਰ ਪਾਰਟੀਆਂ ਬੇਨਕਾਬ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ 'ਭੂਮੀ ਪੂਜਨ' ਵਿਚ ਹਿੱਸਾ ਲੈ ਕੇ ਮੋਦੀ ਸੰਵਿਧਾਨਕ ਪ੍ਰਣਾਲੀ ਦੀ ਪਾਲਣਾ ਕਰਨ ਵਿਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਗਮ ਵਿਚ ਸ਼ਾਮਲ ਹੋ ਕੇ ਮੋਦੀ ਨੇ ਨਾ ਸਿਰਫ਼ ਮੰਦਰ ਦਾ ਸਗੋਂ ਹਿੰਦੂ ਰਾਸ਼ਟਰ ਦਾ ਵੀ ਨੀਂਹ ਪੱਥਰ ਰਖਿਆ।