ਲੋਕ ਸਭਾ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ, ਕਾਰਵਾਈ ਸੋਵਮਾਰ ਤੱਕ ਮੁਲਤਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੰਗਾਮੇ ਦੇ ਚੱਲਦਿਆਂ ਲੋਕ ਸਭਾ 'ਚ ਦੋ ਬਿੱਲ ਹੋਏ ਪਾਸ

Lok Sabha

ਨਵੀਂ ਦਿੱਲੀ - ਪੇਗਾਸਸ ਜਾਸੂਸੀ ਮਾਮਲੇ, ਖੇਤੀਬਾੜੀ ਕਾਨੂੰਨਾਂ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਜ਼ਬਰਦਸਤ ਹੰਗਾਮਾ ਕਰਨ ਤੋਂ ਬਾਅਦ ਲੋਕ ਸਭਾ ਦਾ ਕਾਰਵਾਈ ਸ਼ੁੱਕਰਵਾਰ ਨੂੰ ਦੁਪਹਿਰ 12.25 ਵਜੇ ‘ਤੇ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਨੇ 'ਟੈਕਸੇਸ਼ਨ ਲਾਅਜ਼ (ਸੋਧ) ਬਿੱਲ 2021' ਅਤੇ 'ਸੈਂਟਰਲ ਯੂਨੀਵਰਸਿਟੀਜ਼ (ਸੋਧ) ਬਿੱਲ, 2021' ਨੂੰ ਵਿਰੋਧੀ ਮੈਂਬਰਾਂ ਦੇ ਨਾਅਰਿਆਂ ਦੇ ਵਿਚਕਾਰ ਮਨਜ਼ੂਰੀ ਦੇ ਦਿੱਤੀ ਹੈ।

ਅੱਜ ਸਵੇਰੇ ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜਾਪਾਨੀ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ 76 ਸਾਲ ਪਹਿਲਾਂ ਸੁੱਟੇ ਗਏ ਪਰਮਾਣੂ ਬੰਬਾਂ ਦਾ ਜ਼ਿਕਰ ਕੀਤਾ। ਬਿਰਲਾ ਨੇ ਕਿਹਾ ਕਿ ਇਸ ਘਟਨਾ ਵਿੱਚ ਦੋਵਾਂ ਸ਼ਹਿਰਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਅਤੇ ਸੈਂਕੜੇ ਅਧਰੰਗ ਦਾ ਸ਼ਿਕਾਰ ਹੋ ਗਏ। ਇਸ ਦੇ ਕਾਰਨ ਹੋਏ ਪ੍ਰਮਾਣੂ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਤੋਂ ਅੱਜ ਵੀ ਕਈ ਲੋਕ ਪ੍ਰਭਾਵਤ ਹਨ। ਲੋਕ ਸਭਾ ਦੇ ਸਪੀਕਰ ਨੇ ਕਿਹਾ, "ਆਓ ਅਸੀਂ ਨਸਲਕੁਸ਼ੀ ਦੇ ਹਥਿਆਰਾਂ ਨੂੰ ਨਸ਼ਟ ਕਰਨ ਅਤੇ ਵਿਸ਼ਵ ਵਿਚ ਸ਼ਾਂਤੀ ਅਤੇ ਭਾਈਚਾਰੇ ਨੂੰ ਉਤਸ਼ਾਹਤ ਕਰਨ ਦਾ ਪ੍ਰਣ ਕਰੀਏ"।

ਇਸ ਤੋਂ ਬਾਅਦ ਸਪੀਕਰ ਨੇ ਟੋਕੀਉ ਉਲੰਪਿਕ ਵਿਚ ਪਹਿਲਵਾਨ ਰਵੀ ਕੁਮਾਰ ਦਹੀਆ ਦੁਆਰਾ 57 ਕਿਲੋ ਵਰਗ ਵਿਚ ਸਿਲਵਰ ਮੈਡਲ ਜਿੱਤਣ ਦੀ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਨੇ ਪਹਿਲਵਾਨ ਰਵੀ ਕੁਮਾਰ ਦਹੀਆ ਨੂੰ ਸਦਨ ਵਿਚ ਵਧਾਈ ਦਿੱਤੀ। ਇਸ ਤੋਂ ਬਾਅਦ ਜਿਵੇਂ ਹੀ ਬਿਰਲਾ ਨੇ ਕਾਰਵਾਈ ਸ਼ੁਰੂ ਕੀਤੀ। ਕਾਂਗਰਸ, ਤ੍ਰਿਣਮੂਲ ਕਾਂਗਰਸ ਦੇ ਮੈਂਬਰ ਨਾਅਰੇ ਲਗਾਉਂਦੇ ਹੋਏ ਬਿਰਲਾ ਦੀ ਸੀਟ ਦੇ ਨੇੜੇ ਆ ਪਹੁੰਚ ਗਏ। ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਆਪਣੀਆਂ ਥਾਵਾਂ 'ਤੇ ਖੜ੍ਹੇ ਹੋ ਕੇ ਵਿਰੋਧ ਕੀਤਾ। 

ਹੰਗਾਮੇ ਦੇ ਵਿਚਕਾਰ, ਕੇਂਦਰੀ ਮੰਤਰੀ ਭਾਰਤੀ ਪ੍ਰਵੀਨ ਪਵਾਰ, ਭੁਪੇਂਦਰ ਯਾਦਵ, ਸਮ੍ਰਿਤੀ ਇਰਾਨੀ ਨੇ ਸਬੰਧਤ ਮੰਤਰਾਲਿਆਂ ਨਾਲ ਜੁੜੇ ਸਵਾਲ ਜਵਾਬ ਦਿੱਤੇ।
ਲੋਕ ਸਭਾ ਦੇ ਸਪੀਕਰ ਨੇ ਵਿਰੋਧੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟਿਕਾਣਿਆਂ 'ਤੇ ਚਲੇ ਜਾਣ ਅਤੇ ਕਾਰਵਾਈ ਵਿਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਸੰਸਦ ਦੀ ਕਾਰਵਾਈ ਚੱਲ ਰਹੀ ਹੈ, ਲੋਕ ਚਾਹੁੰਦੇ ਹਨ ਕਿ ਕਾਰਵਾਈ ਅੱਗੇ ਵਧੇ। ਬਿਰਲਾ ਨੇ ਵਿਰੋਧੀ ਮੈਂਬਰਾਂ ਨੂੰ ਕਿਹਾ, '' ਤੁਸੀਂ ਆਪਣੇ ਸਥਾਨਾਂ 'ਤੇ ਜਾਓ ਅਤੇ ਕਾਰਵਾਈ' ਚ ਹਿੱਸਾ ਲਓ। ''

ਸਦਨ 'ਚ ਆਦੇਸ਼ ਦੀ ਪਾਲਣਾ ਨਾਲ ਹੁੰਦੇ ਦੇਖ ਸਪੀਕਰ ਨੇ ਕਾਰਵਾਈ ਸ਼ੁਰੂ ਹੋਣ ਦੇ ਕਰੀਬ 20 ਮਿੰਟ ਬਾਅਦ ਦੁਪਹਿਰ 12 ਵਜੇ ਤਕ ਕਾਰਵਾਈ ਮੁਲਤਵੀ ਕਰ ਦਿੱਤੀ। ਜਦੋਂ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ, ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਪੇਗਾਸਸ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਪੀਕਰ ਵੱਲੋਂ ਆਗਿਆ ਨਹੀਂ ਦਿੱਤੀ। ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਰੋਧੀ ਮੈਂਬਰਾਂ ਦੇ ਨਾਅਰਿਆਂ ਦੇ ਵਿਚਕਾਰ 'ਟੈਕਸੇਸ਼ਨ ਕਨੂੰਨ (ਸੋਧ) ਬਿੱਲ, 2021' ਨੂੰ ਚਰਚਾ ਅਤੇ ਪਾਸ ਕਰਨ ਲਈ ਰੱਖਿਆ। ਸਦਨ ਨੇ ਇਸ ਨੂੰ ਅਵਾਜ਼ੀ ਵੋਟ ਨਾਲ ਮਨਜ਼ੂਰੀ ਦੇ ਦਿੱਤੀ।

ਇਸ ਤੋਂ ਬਾਅਦ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 'ਕੇਂਦਰੀ ਯੂਨੀਵਰਸਿਟੀਆਂ (ਸੋਧ) ਬਿੱਲ, 2021' ਨੂੰ ਚਰਚਾ ਅਤੇ ਪਾਸ ਕਰਨ ਲਈ ਰੱਖਿਆ, ਜਿਸ ਨੂੰ ਸਦਨ ਨੇ ਪ੍ਰਵਾਨਗੀ ਦੇ ਦਿੱਤੀ। ਫਿਰ ਇਸ ਤੋਂ ਬਾਅਦ ਵਿਰੋਧੀਆ ਦਾ ਹੰਗਾਮਾ ਹੁੰਦਾ ਰਿਹਾ ਅਤੇ ਹੰਗਾਮੇ ਦੇ ਮੱਦੇਨਜ਼ਰ ਰਾਜਿੰਦਰ ਅਗਰਵਾਲ ਨੇ ਲੋਕ ਸਭਾ ਦੀ ਕਾਰਵਾਈ ਸੋਮਵਾਲ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।  

19 ਜੁਲਾਈ ਨੂੰ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਲੈ ਕੇ, ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਪੇਗਾਸਸ ਜਾਸੂਸੀ ਕੇਸ ਅਤੇ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਸਮੇਤ ਮੁੱਦਿਆਂ 'ਤੇ ਨਾਅਰੇ ਲਗਾ ਰਹੇ ਹਨ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਹਰ ਰੋਜ਼ ਪ੍ਰਭਾਵਿਤ ਹੁੰਦੀ ਹੈ ਤੇ ਬਾਕੀ ਹਫ਼ਤਿਆਂ ਦੀ ਤਰ੍ਹਾਂ ਇਸ ਹਫ਼ਤੇ ਦੀ ਕਾਰਵਾਈ ਵੀ ਹੰਗਾਮੇ ਦੀ ਭੇਂਟ ਚੜ੍ਹ ਗਈ।