ਮੀਂਹ ਕਾਰਨ Kinnaur Kailash ਯਾਤਰਾ ਮੁਅੱਤਲ, ਫਸੇ 413 ਸ਼ਰਧਾਲੂਆਂ ਨੂੰ ਬਚਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

617 ਸੜਕਾਂ ਉਤੇ ਸੰਪਰਕ ਟੁੱਟਾ

Kinnaur Kailash Yatra suspended due to rain, 413 stranded pilgrims rescued

ਸ਼ਿਮਲਾ : ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਕਿੰਨੌਰ ਕੈਲਾਸ਼ ਯਾਤਰਾ ਮੁਅੱਤਲ ਕਰ ਦਿਤੀ ਗਈ ਹੈ ਅਤੇ 413 ਸ਼ਰਧਾਲੂਆਂ ਨੂੰ ਬਚਾਇਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਤੰਗਲਿੱਪੀ ਅਤੇ ਕਾਂਗਰੰਗ ’ਚ ਦੋ ਅਸਥਾਈ ਪੁਲ ਨਦੀਆਂ ’ਚ ਪਾਣੀ ਦਾ ਵਹਾਅ ਵਧਣ ਕਾਰਨ ਵਹਿ ਗਏ, ਜਿਸ ਕਾਰਨ ਸ਼ਰਧਾਲੂ ਫਸੇ ਹੋਏ ਹਨ।

ਇੰਡੋ-ਤਿੱਬਤ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਨੇ ‘ਐਕਸ’ ਉਤੇ ਬਚਾਅ ਕਾਰਜਾਂ ਦੇ ਵੀਡੀਉ ਸਾਂਝੇ ਕੀਤੇ ਹਨ, ਜਿਸ ’ਚ ਉਹ ਸ਼ਰਧਾਲੂ ਨੂੰ ਨਦੀਆਂ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਲਿਜਾਂਦੇ ਨਜ਼ਰ ਆ ਰਹੇ ਹਨ। ਕਿੰਨੌਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਟਰੈਕ ਰੂਟ ਉਤੇ ਫਸੇ ਸ਼ਰਧਾਲੂਆਂ ਬਾਰੇ ਇਕ ਸੰਕਟਕਾਲ ਮਿਲੀ। ਅਧਿਕਾਰੀਆਂ ਨੇ ਦਸਿਆ ਕਿ ਸੱਦੇ ਦੇ ਜਵਾਬ ’ਚ ਆਈ.ਟੀ.ਬੀ.ਪੀ. ਅਤੇ ਕੌਮੀ ਆਫ਼ਤ ਰਾਹਤ ਬਲ (ਐੱਨ.ਡੀ.ਆਰ.ਐੱਫ.) ਨੇ ਬਚਾਅ ਮੁਹਿੰਮ ਸ਼ੁਰੂ ਕੀਤੀ।

ਕਿੰਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿੰਨੌਰ ਕੈਲਾਸ਼ ਯਾਤਰਾ ਨੂੰ ਮੁਅੱਤਲ ਕਰ ਦਿਤਾ ਕਿਉਂਕਿ ਮੀਂਹ ਕਾਰਨ ਤੀਰਥ ਯਾਤਰਾ ਮਾਰਗ ਉਤੇ ਕਾਫ਼ੀ ਨੁਕਸਾਨ ਹੋਇਆ ਸੀ। ਅਧਿਕਾਰੀਆਂ ਨੇ ਦਸਿਆ ਕਿ ਜ਼ਿਆਦਾਤਰ ਟ੍ਰੈਕਿੰਗ ਮਾਰਗ ਜਾਂ ਤਾਂ ਖਤਰਨਾਕ ਤੌਰ ਉਤੇ ਫਿਸਲਣ ਵਾਲੇ ਹੋ ਗਏ ਹਨ ਜਾਂ ਜ਼ਮੀਨ ਖਿਸਕਣ ਕਾਰਨ ਪ੍ਰਭਾਵਤ ਹੋਏ ਹਨ, ਜਿਸ ਨਾਲ ਸ਼ਰਧਾਲੂਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋ ਗਿਆ ਹੈ।

ਕਿੰਨੌਰ ਕੈਲਾਸ਼, ਜਿਸ ਨੂੰ ਭਗਵਾਨ ਸ਼ਿਵ ਦਾ ਸਰਦੀਆਂ ਦਾ ਨਿਵਾਸ ਮੰਨਿਆ ਜਾਂਦਾ ਹੈ, 19,850 ਫੁੱਟ ਦੀ ਉਚਾਈ ਉਤੇ ਸਥਿਤ ਹੈ। ਇਹ ਯਾਤਰਾ 15 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 30 ਅਗੱਸਤ ਨੂੰ ਸਮਾਪਤ ਹੋਵੇਗੀ।

ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਰਾਜਮਾਰਗ (ਐਨ.ਐਚ. 21), ਪੁਰਾਣਾ ਹਿੰਦੁਸਤਾਨ-ਤਿੱਬਤ ਰੋਡ (ਐਨ.ਐਚ. 05), ਮੰਡੀ-ਧਰਮਪੁਰ (ਐਨ.ਐ.ਚ 3) ਅਤੇ ਔਟ-ਸੈਂਜ ਰੋਡ (ਐਨ.ਐਚ. 305) ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਸੋਲਨ ਜ਼ਿਲ੍ਹੇ ਦੇ ਕੋਟੀ ਨੇੜੇ ਚੱਕੀ ਮੋੜ ਉਤੇ ਬੰਦ ਸ਼ਿਮਲਾ-ਕਾਲਕਾ ਕੌਮੀ ਰਾਜਮਾਰਗ ਨੂੰ ਗੱਡੀਆਂ ਦੀ ਆਵਾਜਾਈ ਲਈ ਖੋਲ੍ਹ ਦਿਤਾ ਗਿਆ ਹੈ।