ਐਸ.ਸੀ. ਅਤੇ ਐਸ.ਟੀ. ਉਤੇ ਅੱਤਿਆਚਾਰ ਵਿਰੁਧ ਕੌਮੀ ਹੈਲਪਲਾਈਨ ਉਤੇ ਪੰਜ ਸਾਲਾਂ ਅੰਦਰ 6.3 ਲੱਖ ਤੋਂ ਵੱਧ ਕਾਲਾਂ ਆਈਆਂ : ਸਰਕਾਰ
ਹੁਣ ਤਕ 6.34 ਲੱਖ ਤੋਂ ਵੱਧ ਕਾਲਾਂ ਆਈਆਂ ਹਨ।
ਨਵੀਂ ਦਿੱਲੀ: ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਵਿਰੁਧ ਅੱਤਿਆਚਾਰ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਥਾਪਤ ਕੌਮੀ ਅੱਤਿਆਚਾਰ ਵਿਰੋਧੀ ਹੈਲਪਲਾਈਨ (ਐਨ.ਐਚ.ਏ.ਏ.) ਨੂੰ ਅਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 6.34 ਲੱਖ ਤੋਂ ਵੱਧ ਕਾਲਾਂ ਆਈਆਂ ਹਨ। ਰਾਜ ਸਭਾ ਵਿਚ ਇਕ ਲਿਖਤੀ ਸਵਾਲ ਦੇ ਜਵਾਬ ਵਿਚ ਸਮਾਜਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ 2020 ਤੋਂ ਚੱਲ ਰਹੀ ਟੋਲ-ਮੁਕਤ ਹੈਲਪਲਾਈਨ (14566) ਦਾ ਉਦੇਸ਼ ਸ਼ਿਕਾਇਤਾਂ ਦਾ ਨਿਪਟਾਰਾ ਪ੍ਰਦਾਨ ਕਰਨਾ ਅਤੇ ਅਨੁਸੂਚਿਤ ਜਾਤੀਆਂ (ਐਸ.ਸੀ.) ਅਤੇ ਅਨੁਸੂਚਿਤ ਕਬੀਲਿਆਂ (ਐਸ.ਟੀ.) ਲਈ ਕਾਨੂੰਨੀ ਪ੍ਰਬੰਧਾਂ ਬਾਰੇ ਜਾਗਰੂਕਤਾ ਵਧਾਉਣਾ ਹੈ।
ਸਾਲ 2023 ’ਚ ਸੱਭ ਤੋਂ ਵੱਧ 3.4 ਲੱਖ ਤੋਂ ਵੱਧ ਕਾਲਾਂ ਆਈਆਂ। ਸਾਲ 2020 ਤੋਂ ਜੁਲਾਈ 2025 ਦਰਮਿਆਨ ਉੱਤਰ ਪ੍ਰਦੇਸ਼ (ਯੂ.ਪੀ.) ਵਿਚ 3.4 ਲੱਖ ਤੋਂ ਵੱਧ ਕਾਲਾਂ ਆਈਆਂ, ਇਸ ਤੋਂ ਬਾਅਦ ਬਿਹਾਰ (59,205) ਅਤੇ ਰਾਜਸਥਾਨ (40,228) ਦਾ ਨੰਬਰ ਆਉਂਦਾ ਹੈ। ਦਿੱਲੀ ’ਚ ਵੀ 29,000 ਤੋਂ ਵੱਧ ਕਾਲਾਂ ਦਰਜ ਕੀਤੀਆਂ ਗਈਆਂ। ਹੈਲਪਲਾਈਨ ਨੂੰ 31 ਜੁਲਾਈ ਤਕ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 6,34,066 ਕਾਲਾਂ ਮਿਲੀਆਂ।