ਮੰਦੀ ਬਾਰੇ ਸਰਕਾਰ ਦੀ ਖ਼ਾਮੋਸ਼ੀ ਖ਼ਤਰਨਾਕ : ਪ੍ਰਿਯੰਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਿਰਫ਼ ਬਹਾਨੇਬਾਜ਼ੀ, ਬਿਆਨਬਾਜ਼ੀ ਅਤੇ ਅਫ਼ਵਾਹਾਂ ਫੈਲਾਉਣ ਨਾਲ ਕੰਮ ਨਹੀਂ ਚੱਲੇਗਾ

Priyanka

ਨਵੀਂ ਦਿੱਲੀ, 5 ਸਤੰਬਰ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਰਥਕ ਮੰਦੀ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾਂ ਬਣਾਉਂਦਿਆਂ ਦਾਅਵਾ ਕੀਤਾ ਕਿ ਆਰਥਕ ਮੰਦੀ ਦੀਆਂ ਖ਼ਬਰਾਂ ਨਾਲ ਦੇਸ਼ ਦੀ ਜਨਤਾ ਚਿੰਤਤ ਹੈ ਪਰ ਮੋਦੀ ਸਰਕਾਰ ਇਸ ਬਾਰੇ ਅਪਣੀ ਚੁੱਪੀ ਨਹੀਂ ਤੋੜ ਰਹੀ। ਪ੍ਰਿਯੰਕਾ ਨੇ ਕਿਹਾ ਕਿ ਮੰਦੀ ਦੀਆਂ ਖ਼ਬਰਾਂ ਹਰ ਦਿਨ ਆ ਰਹੀਆਂ ਹਨ ਪਰ ਸਰਕਾਰ ਇਸ ਦਾ ਠੋਸ ਹੱਲ ਕੱਢਣ ਅਤੇ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣ ਦੀ ਬਜਾਇ ਬਹਾਨੇਬਾਜ਼ੀ ਕਰ ਰਹੀ ਹੈ ਅਤੇ ਇਸ ਸਬੰਧੀ ਅਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰਿਯੰਕਾ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ,''ਕਾਊਂਟਡਾਊਨ : ਹਰ ਦਿਨ ਮੰਦੀ ਦੀ ਖ਼ਬਰ ਅਤੇ ਹਰ ਦਿਨ ਭਾਜਪਾ ਸਰਕਾਰ ਦੀ ਇਸ 'ਤੇ ਖ਼ਾਮੋਸ਼ੀ, ਦੋਵੇਂ ਬਹੁਤ ਖ਼ਤਰਨਾਕ ਹਨ। ਇਸ ਸਰਕਾਰ ਕੋਲ ਨਾ ਹੱਲ ਹੈ ਅਤੇ ਨਾ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਣ ਦੀ ਹਿੰਮਤ। ਸਿਰਫ਼ ਬਹਾਨੇਬਾਜ਼ੀ, ਬਿਆਨਬਾਜ਼ੀ ਅਤੇ ਅਫ਼ਵਾਹਾਂ ਫੈਲਾਉਣ ਨਾਲ ਕੰਮ ਨਹੀਂ ਚੱਲੇਗਾ।''

ਉਨ੍ਹਾਂ ਨੇ ਜੋ ਖ਼ਬਰ ਸ਼ੇਅਰ ਕੀਤੀ ਹੈ ਉਸ ਅਨੁਸਾਰ ਅਗੱਸਤ ਮਹੀਨੇ 'ਚ ਟਰੱਕਾਂ ਦੀ ਵਿਕਰੀ 'ਚ ਕਰੀਬ 60 ਫ਼ੀ ਸਦੀ ਦੀ ਗਿਰਾਵਟ ਆਈ ਹੈ। ਮੰਦੀ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਲਗਾਤਾਰ ਹਮਲਾ ਕਰ ਰਹੀ ਹੈ ਅਤੇ ਉਸ ਦੇ ਨੇਤਾ ਇਕ ਤੋਂ ਬਾਅਦ ਇਕ ਇਸ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਨ 'ਚ ਲੱਗੇ ਹਨ। ਹਾਲ ਹੀ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦੇਸ਼ ਵੱਡੀ ਮੰਦੀ ਵੱਲ ਵਧ ਰਿਹਾ ਹੈ ਅਤੇ ਸਰਕਾਰ ਨੂੰ ਰਾਜਨੀਤੀ ਤੋਂ ਉੱਠ ਕੇ ਸਾਰਿਆਂ ਨਾਲ ਵਿਚਾਰ ਕਰ ਕੇ ਇਸ ਦਾ ਹੱਲ ਕੱਢਣਾ ਚਾਹੀਦਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।