Vinesh Phogat-Bajrang Punia:ਵਿਨੇਸ਼ ਫੋਗਾਟ ਨੇ ਕਾਂਗਰਸ 'ਚ ਸ਼ਾਮਲ ਹੋਣ ਦੀ ਦੱਸੀ ਵਜ੍ਹਾ,ਕਿਹਾ -ਬੁਰੇ ਵਕਤ 'ਚ ਪਤਾ ਲੱਗਦਾ ਕੌਣ ਤੁਹਾਡਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦੋਂ ਸਾਨੂੰ ਸੜਕਾਂ 'ਤੇ ਘਸੀਟਿਆ ਜਾ ਰਿਹਾ ਸੀ ਤਾਂ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ : ਵਿਨੇਸ਼ ਫੋਗਾਟ

Vinesh Phogat Bajrang Punia Join Congress

Vinesh Phogat Bajrang Punia Join Congress : ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕਿਹਾ, 'ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਉਮੀਦ ਕਰਦੀ ਹਾਂ।  ਕਾਂਗਰਸ ਦਾ ਬਹੁਤ ਬਹੁਤ ਧੰਨਵਾਦ। ਬੁਰੇ ਵਕਤ 'ਚ ਪਤਾ ਲੱਗਦਾ ਹੈ ਕਿ ਤੁਹਾਡਾ ਕੌਣ ਹੈ। ਉਨ੍ਹਾਂ ਨੇ ਕਿਹਾ, 'ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਅਜਿਹੀ ਪਾਰਟੀ 'ਚ ਹਾਂ, ਜੋ ਔਰਤਾਂ ਲਈ ਸੜਕਾਂ ਤੋਂ ਸੰਸਦ ਤੱਕ ਲੜਨ ਲਈ ਤਿਆਰ ਹੈ।'

ਉਨ੍ਹਾਂ ਕਿਹਾ, 'ਜਦੋਂ ਸਾਨੂੰ ਸੜਕਾਂ 'ਤੇ ਘਸੀਟਿਆ ਜਾ ਰਿਹਾ ਸੀ ਤਾਂ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ। ਅੱਜ ਤੋਂ ਮੈਂ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੀ ਹਾਂ। ਵਿਨੇਸ਼ ਨੇ ਕਿਹਾ ਕਿ ਜੋ ਲੜਾਈ ਚੱਲ ਰਹੀ ਸੀ,ਉਹ ਜਾਰੀ ਹੈ , ਅਸੀਂ ਉਹ ਲੜਾਈ ਵੀ ਜਿੱਤਾਂਗੇ। ਅਸੀਂ ਨਾ ਡਰਾਂਗੇ ਅਤੇ ਨਾ ਹੀ ਪਿੱਛੇ ਹਟਾਂਗੇ।

ਕਾਂਗਰਸ ਦਾ ਹੱਥ ਫੜਨ ਤੋਂ ਬਾਅਦ ਵਿਨੇਸ਼ ਨੇ ਕਿਹਾ, 'ਮੈਂ ਹਰ ਉਸ ਮਹਿਲਾ ਨਾਲ ਖੜ੍ਹੀ ਹਾਂ, ਜੋ ਖੁਦ ਨੂੰ ਬੇਸਹਾਰਾ ਸਮਝਦੀ ਹੈ। ਜੇ ਮੈਂ ਚਾਹੁੰਦੀ ਤਾਂ ਕੁਸ਼ਤੀ ਜੰਤਰ-ਮੰਤਰ 'ਤੇ ਛੱਡ ਸਕਦੀ ਸੀ। ਭਾਜਪਾ ਆਈਟੀ ਸੈੱਲ ਨੇ ਇਹ ਝੂਠ ਫੈਲਾਇਆ ਕਿ ਸਾਡਾ ਕਰੀਅਰ ਖਤਮ ਹੋ ਗਿਆ ਹੈ। ਅਸੀਂ ਨੈਸ਼ਨਲ ਨਹੀਂ ਖੇਡਣਾ ਚਾਹੁੰਦੇ। ਮੈਂ ਨੈਸ਼ਨਲ ਖੇਡਿਆ , ਓਲੰਪਿਕ ਖੇਡਿਆ ਪਰ ਭਗਵਾਨ ਦੀ ਕੁੱਝ ਅਲੱਗ ਹੀ ਯੋਜਨਾ ਸੀ।

ਉਨ੍ਹਾਂ ਨੇ ਕਿਹਾ, 'ਬਜਰੰਗ ਨੂੰ ਡੋਪਿੰਗ ਦੇ ਆਰੋਪ 'ਚ ਚਾਰ ਸਾਲ ਲਈ ਬੈਨ ਕਰ ਦਿੱਤਾ ਗਿਆ ਕਿਉਂਕਿ ਉਹ ਸਾਡੇ ਨਾਲ ਖੜ੍ਹਾ ਹੋਇਆ ਸੀ। ਅਦਾਲਤ ਵਿੱਚ ਸਾਡੀ ਲੜਾਈ ਜਾਰੀ ਰਹੇਗੀ। ਵਿਨੇਸ਼ ਨੇ ਕਿਹਾ, 'ਦਿਲ ਨਾਲ ਖੇਡੇ , ਦਿਲ ਨਾਲ ਤੁਹਾਡੇ ਨਾਲ ਖੜੇ ਰਹਾਂਗੇ।