1984 ਸਿੱਖ ਕਤਲੇਆਮ : ਸੱਜਣ ਕੁਮਾਰ ਨੂੰ ਅਪਣੇ ਬਚਾਅ ’ਚ ਪੱਤਰਕਾਰ ਨੂੰ ਗਵਾਹ ਵਜੋਂ ਬੁਲਾਉਣ ਦੀ ਇਜਾਜ਼ਤ ਮਿਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਖ਼ੁਦ ਉਤੇ ਲੱਗੇ ਦੋਸ਼ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸੇ

Sajjan Kumar

ਨਵੀਂ ਦਿੱਲੀ : ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਸਨਿਚਰਵਾਰ  ਨੂੰ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਪਛਮੀ  ਦਿੱਲੀ ਦੇ ਵਿਕਾਸਪੁਰੀ ’ਚ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ’ਚ ਬਚਾਅ ਪੱਖ ਦੇ ਗਵਾਹ ਵਜੋਂ ਇਕ ਪੱਤਰਕਾਰ ਨੂੰ ਤਲਬ ਕਰਨ ਦੀ ਮਨਜ਼ੂਰੀ ਦੇ ਦਿਤੀ। ਅਦਾਲਤ ਨੇ ਅਗਲੀ ਸੁਣਵਾਈ ਅਤੇ ਪੱਤਰਕਾਰ ਦੀ ਗਵਾਹੀ 16 ਸਤੰਬਰ ਨੂੰ ਤੈਅ ਕੀਤੀ ਹੈ। 

ਰਾਊਜ਼ ਐਵੇਨਿਊ ਅਦਾਲਤ ਦੀ ਪ੍ਰਧਾਨਗੀ ਕਰ ਰਹੇ ਵਿਸ਼ੇਸ਼ ਜੱਜ ਦਿਗਵਿਨੈ ਸਿੰਘ ਨੇ ਦਹਾਕਿਆਂ ਪੁਰਾਣੇ ਫਿਰਕੂ ਹਿੰਸਾ ਮਾਮਲੇ ਵਿਚ ਕੁਮਾਰ ਦੀ ਬਚਾਅ ਰਣਨੀਤੀ ਦੇ ਹਿੱਸੇ ਵਜੋਂ ਇਸ ਬੇਨਤੀ ਨੂੰ ਮਨਜ਼ੂਰੀ ਦੇ ਦਿਤੀ। 77 ਸਾਲ ਦੇ ਸਿਆਸਤਦਾਨ ਨੇ ਕਿਹਾ ਹੈ ਕਿ ਉਸ ਉਤੇ  ਲੱਗੇ ਦੋਸ਼ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਹਨ। 

ਇਸ ਤੋਂ ਪਹਿਲਾਂ ਅਦਾਲਤ ਨੇ ਕੁਮਾਰ ਦਾ ਨਿੱਜੀ ਬਿਆਨ ਦਰਜ ਕੀਤਾ ਸੀ, ਜਿਸ ’ਚ ਉਸ ਨੇ ਹਿੰਸਾ ’ਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਸੀ। ਉਸ ਨੇ  ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਅਤੇ ਉਹ ਕਦੇ ਵੀ ਹਮਲਿਆਂ ਵਿਚ ਸ਼ਾਮਲ ਨਹੀਂ ਸੀ। 

ਉਸ ਨੇ ਕਿਹਾ, ‘‘ਸ਼ੁਰੂ ’ਚ, ਕਿਸੇ ਗਵਾਹ ਨੇ ਮੇਰਾ ਨਾਮ ਵੀ ਨਹੀਂ ਲਿਆ। ਦਹਾਕਿਆਂ ਬਾਅਦ ਮੇਰਾ ਨਾਮ ਸਾਹਮਣੇ ਆਇਆ। ਇਹ ਮਾਮਲਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ।’’ 

ਕੁਮਾਰ ਉਤੇ  ਦਿੱਲੀ ਦੇ ਜਨਕਪੁਰੀ ’ਚ ਸੋਹਣ ਸਿੰਘ ਅਤੇ ਉਸ ਦੇ ਜਵਾਈ ਅਵਤਾਰ ਸਿੰਘ ਦੇ ਕਤਲ ਅਤੇ ਦੰਗਿਆਂ ਦੌਰਾਨ ਵਿਕਾਸਪੁਰੀ ’ਚ ਗੁਰਚਰਨ ਸਿੰਘ ਦੀ ਕਥਿਤ ਆਤਮਹੱਤਿਆ ’ਚ ਸ਼ਾਮਲ ਹੋਣ ਦਾ ਦੋਸ਼ ਹੈ। 

31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਅੰਗਰੱਖਿਅਕਾਂ ਵਲੋਂ  ਹੱਤਿਆ ਕੀਤੇ ਜਾਣ ਤੋਂ ਬਾਅਦ 1984 ਦੌਰਾਨ ਪੂਰੇ ਭਾਰਤ ਵਿਚ ਸਿੱਖ ਕਤਲੇਆਮ ਹੋਇਆ ਸੀ। ਹਿੰਸਾ ਵਿਚ ਹਜ਼ਾਰਾਂ ਲੋਕ ਮਾਰੇ ਗਏ, ਖਾਸ ਕਰ ਕੇ  ਦਿੱਲੀ ’ਚ। 

ਨਿਆਂ ਦੀ ਲੰਮੇ  ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨ ਲਈ ਜਸਟਿਸ ਜੀ.ਪੀ. ਮਾਥੁਰ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ਉਤੇ  ਕਈ ਸਾਲਾਂ ਬਾਅਦ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ ਬੰਦ ਪਏ 114 ਮਾਮਲਿਆਂ ਨੂੰ ਮੁੜ ਖੋਲ੍ਹਣ ਦਾ ਕੰਮ ਸੌਂਪਿਆ ਗਿਆ ਸੀ। 

ਅਗੱਸਤ  2023 ’ਚ ਦਿੱਲੀ ਦੀ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਵਿਰੁਧ  ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਦੋਸ਼ ਤੈਅ ਕੀਤੇ ਸਨ। ਹਾਲਾਂਕਿ, ਐਸਆਈ.ਟੀ.  ਵਲੋਂ ਪਹਿਲਾਂ ਅਰਜ਼ੀ ਦਿਤੇ ਜਾਣ ਦੇ ਬਾਵਜੂਦ, ਧਾਰਾ 302 ਦੇ ਤਹਿਤ ਕਤਲ ਦਾ ਦੋਸ਼ ਉਸ ਪੜਾਅ ਉਤੇ  ਹਟਾ ਦਿਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਤੇ ਵੱਖਰੇ ਇਕ ਮਾਮਲੇ ਵਿਚ ਕੁਮਾਰ ਨੂੰ ਫ਼ਰਵਰੀ 2025 ਵਿਚ ਸਰਸਵਤੀ ਵਿਹਾਰ ਵਿਚ ਜਸਵੰਤ ਸਿੰਘ ਅਤੇ ਉਸ ਦੇ ਬੇਟੇ ਤਰੁਣਦੀਪ ਸਿੰਘ ਦੇ ਕਤਲ ਵਿਚ ਭੂਮਿਕਾ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਐਸ.ਆਈ.ਟੀ. ਨੇ ਸਿੱਟਾ ਕਢਿਆ  ਕਿ ਕੁਮਾਰ ਨੇ ਭੀੜ ਦੀ ਅਗਵਾਈ ਕੀਤੀ ਸੀ, ਜਿਸ ਨੇ ਉਸ ਦੇ ਉਕਸਾਉਣ ਉਤੇ  ਦੋਹਾਂ  ਪੀੜਤਾਂ ਨੂੰ ਜ਼ਿੰਦਾ ਸਾੜ ਦਿਤਾ, ਉਨ੍ਹਾਂ ਦੀ ਜਾਇਦਾਦ ਲੁੱਟੀ ਅਤੇ ਤਬਾਹ ਕਰ ਦਿਤੀ  ਅਤੇ ਮੌਕੇ ਉਤੇ  ਮੌਜੂਦ ਪਰਵਾਰ  ਦੇ ਹੋਰ ਮੈਂਬਰਾਂ ਨੂੰ ਜ਼ਖਮੀ ਕਰ ਦਿਤਾ।