ਅਨਿਲ ਅੰਬਾਨੀ ਨੂੰ ਬੈਂਕ ਆਫ ਬੜੌਦਾ ਨੇ ਫਰਾਡ ਐਲਾਨਿਆ
ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਇੰਡੀਆ ਨੇ ਵੀ ਅਨਿਲ ਅੰਬਾਨੀ ਨੂੰ ਫਰਾਡ ਐਲਾਨਿਆ
ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੂੰ ਬੈਂਕ ਆਫ ਬੜੌਦਾ ਨੇ ਫਰਾਡ ਐਲਾਨ ਦਿੱਤਾ ਹੈ। ਜਿੱਥੇ ਅਨਿਲ ਅੰਬਾਨੀ ਵੱਖ-ਵੱਖ ਕਰਜ਼ਾ ਧੋਖਾਧੜੀ ਮਾਮਲਿਆਂ ਵਿਚ ED ਅਤੇ CBI ਵੱਲੋਂ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਇੰਡੀਆ ਨੇ ਵੀ ਅਨਿਲ ਅੰਬਾਨੀ ਨੂੰ ਫਰਾਡ ਐਲਾਨਿਆ ਹੈ।
ਰਿਲਾਇੰਸ ਕਮਿਊਨੀਕੇਸ਼ਨਜ਼ (ਆਰਕਾਮ) ਨੇ ਕਿਹਾ ਕਿ ਕੰਪਨੀ ਨੂੰ ਇਸ ਸਬੰਧੀ 2 ਸਤੰਬਰ ਨੂੰ ਬੈਂਕ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ। ਬੈਂਕ ਨੇ ਕੰਪਨੀ ਨੂੰ 1600 ਕਰੋੜ ਰੁਪਏ ਅਤੇ 862.50 ਕਰੋੜ ਰੁਪਏ ਦੀ ਲਾਈਨ ਆਫ ਕ੍ਰੈਡਿਟ ਦਿੱਤੀ ਸੀ। ਆਰਕਾਮ ਨੇ 2017 ਤੋਂ ਬਾਅਦ 1656 ਕਰੋੜ ਰੁਪਏ ਦਾ ਕਰਜ਼ਾ ਨਹੀਂ ਚੁਕਾਇਆ ਹੈ।
ਜ਼ਿਕਰਯੋਗ ਹੈ ਕਿ ਲਾਈਨ ਆਫ ਕ੍ਰੈਡਿਟ ਇਕ ਕਿਸਮ ਦਾ ਕ੍ਰੈਡਿਟ ਹੈ, ਜੋ ਆਪਣੀ ਜ਼ਰੂਰਤ ਮੁਤਾਬਕ ਇਕ ਨਿਸ਼ਚਿਤ ਸੀਮਾ ਤੱਕ ਬੈਂਕ ਜਾਂ ਵਿੱਤੀ ਸੰਸਥਾ ਤੋਂ ਕਰਜ਼ਾ ਲੈਣ ਅਤੇ ਵਾਪਸ ਕਰਨ ਦੀ ਆਗਿਆ ਦਿੰਦਾ ਹੈ। ਇਹ ਆਮ ਕਰਜ਼ਾ ਪ੍ਰਣਾਲੀ ਤੋਂ ਵੱਖਰਾ ਹੈ, ਜਿਸ ਵਿਚ ਕਰਜ਼ੇ ਦੀ ਇਕਮੁਸ਼ਤ ਰਕਮ ਮਿਲਦੀ ਹੈ।
ਬੈਂਕ ਮੁਤਾਬਕ ਆਰਕਾਮ ਨੇ 2462.50 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 28 ਅਗਸਤ ਤੱਕ 1656.07 ਕਰੋੜ ਰੁਪਏ ਅਜੇ ਵੀ ਬਕਾਇਆ ਹਨ। ਇਹ ਖਾਤਾ 5 ਜੂਨ, 2017 ਤੋਂ ਇਕ ਗੈਰ-ਕਾਰਗੁਜ਼ਾਰੀ ਸੰਪਤੀ ਹੈ। ਜੇਕਰ ਕੋਈ ਵਿਅਕਤੀ ਜਾਂ ਕੰਪਨੀ 90 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਲਈ ਬੈਂਕ ਤੋਂ ਲਏ ਗਏ ਕਰਜ਼ੇ ਦੀ ਕਿਸ਼ਤ ਜਾਂ ਵਿਆਜ ਦਾ ਭੁਗਤਾਨ ਨਹੀਂ ਕਰਦਾ, ਤਾਂ ਉਹ ਕਰਜ਼ਾ ਐਨਪੀਏ ਬਣ ਜਾਂਦਾ ਹੈ।