'ਰੁਪਏ ਦੀ ਹਾਲਤ ਬਿਹਤਰ ਹੈ'
ਰੁਪਏ ਵਿਚ ਲਗਾਤਾਰ ਗਿਰਾਵਟ ਦੇ ਬਾਵਜੂਦ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦਾ ਮੰਨਣਾ ਹੈ ਕਿ ਹੋਰ ਉਭਰਦੀਆਂ ਬਾਜ਼ਾਰ ਅਰਥਵਿਵਸਥਾਵਾਂ ਦੀਆਂ ਮੁਦਰਾਵਾਂ..........
ਨਵੀਂ ਦਿੱਲੀ : ਰੁਪਏ ਵਿਚ ਲਗਾਤਾਰ ਗਿਰਾਵਟ ਦੇ ਬਾਵਜੂਦ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦਾ ਮੰਨਣਾ ਹੈ ਕਿ ਹੋਰ ਉਭਰਦੀਆਂ ਬਾਜ਼ਾਰ ਅਰਥਵਿਵਸਥਾਵਾਂ ਦੀਆਂ ਮੁਦਰਾਵਾਂ ਦੀ ਤੁਲਨਾ ਵਿਚ ਰੁਪਏ ਦੀ ਹਾਲਤ ਬਿਹਤਰ ਹੈ। ਡਾਲਰ ਦੇ ਮੁਕਾਬਲੇ ਰੁਪਇਆ ਕਾਰੋਬਾਰ ਦੌਰਾਨ ਟੁੱਟ ਕੇ ਪਹਿਲੀ ਵਾਰ 74 ਪ੍ਰਤੀ ਡਾਲਰ ਦੇ ਪੱਧਰ ਤੋਂ ਵੀ ਹੇਠਾਂ ਆ ਗਿਆ। ਪਟੇਲ ਨੇ ਕਿਹਾ ਕਿ ਰੁਪਏ ਦੀ ਦਰ ਬਾਜ਼ਾਰ ਵਿਚ ਤਾਕਤਾਂ ਤੋਂ ਤੈਅ ਹੁੰਦੀ ਹੈ ਅਤੇ ਰਿਜ਼ਰਵ ਬੈਂਕ ਨੇ ਲੈਣ-ਦੇਣ ਦਰ ਦਾ ਕੋਈ ਦਾਇਰਾ ਨਹੀਂ ਤੈਅ ਕਰ ਰਖਿਆ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਰੁਪਇਆ 17 ਫ਼ੀ ਸਦੀ ਟੁੱਟ ਚੁਕਾ ਹੈ।
ਗਵਰਨਰ ਨੇ ਇਹ ਵੀ ਕਿਹਾ ਕਿ ਸਤੰਬਰ ਦੇ ਅੰਤ ਤਕ ਵਿਦੇਸ਼ੀ ਮੁਦਰਾ ਭੰਡਾਰ 400.5 ਡਾਲਰ 'ਤੇ ਸੀ ਜੋ ਦਸ ਮਹੀਨਿਆਂ ਦੀ ਦਰਾਮਦ ਦੇ ਵਿੱਤ ਪੋਸ਼ਣ ਲਈ ਕਾਫ਼ੀ ਹੈ। ਕਾਂਗਰਸ ਨੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿਚ ਗਿਰਾਵਟ 'ਤੇ ਭਾਰਤੀ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਦੇ ਬਿਆਨ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਆਰਥਕ ਕੁਪ੍ਰਬੰਧ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਜਵਾਬ ਦੇਣਾ ਚਾਹੀਦਾ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਮੈਂ ਆਰਬੀਆਈ ਦੇ ਗਵਰਨਰ ਦੇ ਬਿਆਨ ਤੋਂ ਹੈਰਾਨ ਹਾਂ। ਰੁਪਇਆ ਏਸ਼ੀਆ ਵਿਚ ਸੱਭ ਤੋਂ ਜ਼ਿਆਦਾ ਗਿਰਾਵਟ ਵਾਲੀ ਮੁਦਰਾ ਹੈ। ਭਾਰਤੀ ਅਰਥਵਿਵਸਥਾ ਦੀ ਇਹ ਹਾਲਤ ਕਿਉਂ ਹੋਈ? ਕੀ ਇਸ ਲਈ ਹੋਈ ਕਿਉਂਕਿ 12 ਲੱਖ ਕਰੋੜ ਰੁਪਏ ਦਾ ਐਨਪੀਏ ਹੈ? ਕੀ ਇਸ ਲਈ ਹੋਈ ਕਿ ਪਟਰੌਲ ਤੇ ਡੀਜ਼ਲ ਦੀ ਕੀਮਤ ਲਗਾਤਾਰ ਵਧ ਰਹੀ ਹੈ? (ਏਜੰਸੀ)