ਬੇਸਹਾਰਿਆਂ ਦਾ ਆਸਰਾ: ਨਹੀਂ ਰਹੇ ਗ਼ਰੀਬਾਂ ਤੇ ਲਵਾਰਸਾਂ ਦੇ 'ਭਾਪਾ ਜੀ' ਸਮਾਜਸੇਵੀ ਅਮਰਜੀਤ ਸਿੰਘ ਸੂਦਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ਼ਰੀਬ ਕੁੜੀ ਦਾ ਪੱਗ ਨਾਲ ਨੰਗੇਜ਼ ਢੱਕਣ ਕਾਰਨ ਕੱਟੜਪੰਥੀਆਂ ਨੇ ਚੁਕੇ ਸੀ ਸਵਾਲ

Amarjit Singh Sudan

ਇੰਦੌਰ : ਗ਼ਰੀਬਾਂ, ਬੇਸਹਾਰਿਆਂ ਅਤੇ ਦੁਖੀਆਂ ਦੇ 'ਭਾਪਾ ਜੀ' ਸਮਾਜ ਸੇਵੀ ਅਮਰਜੀਤ ਸਿੰਘ ਸੂਦਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਇਸ ਜਹਾਨੋਂ ਰੁਖਸਤ ਹੋਣ ਬਾਅਦ ਉਹ ਬਹੁਤ ਸਾਰੇ ਲੋਕ ਮੁੜ ਅਨਾਥ ਹੋ ਗਏ ਹਨ, ਜਿਹੜੇ ਉਨ੍ਹਾਂ ਦੀ ਮਿਹਰਬਾਨੀ ਕਾਰਨ ਜਿੰਦਾ ਸਨ ਅਤੇ ਜੋ ਉਨ੍ਹਾਂ ਨੂੰ 'ਭਾਪਾ ਜੀ' ਕਹਿ ਦੇ ਸਤਿਕਾਰਤੇ ਸਨ।

ਕਿਸੇ ਅਨਜਾਣ ਕੁੜੀ ਦੇ ਨੰਗੇਜ਼ ਨੂੰ ਅਪਣੀ ਪੱਗ ਨਾਲ ਢੱਕਣ ਵਾਲੇ ਅਤੇ ਉਸ ਦਾ ਹਸਪਤਾਲ 'ਚ ਅਪਣੀ  ਕੁੜੀ ਕਹਿ ਕੇ ਇਲਾਜ ਕਰਵਾਉਣ ਵਾਲੇ ਸ. ਅਮਰਜੀਤ ਸਿੰਘ ਸੂਦਨ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਨ੍ਹਾਂ ਨੂੰ ਇਹ ਜਾਣ-ਪਛਾਣ ਗ਼ਰੀਬਾਂ, ਮਜ਼ਲੂਮਾਂ ਅਤੇ ਬੇਸਹਾਰਿਆਂ ਦਾ ਸਹਾਰਾ ਬਣਨ ਕਾਰਨ ਮਿਲੀ ਸੀ। ਇਸ ਲਈ ਭਾਵੇਂ ਉਨ੍ਹਾਂ ਨੂੰ ਕੱਟਣਪੰਥੀਆਂ ਦੇ ਚੁਭਵੇਂ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਅਪਣੇ ਫਰਜ਼ ਅੱਗੇ ਕਿਸੇ ਵੀ ਅੜਚਣ ਨੂੰ ਨਹੀਂ ਆਉਣ ਦਿਤਾ।  

ਇੰਦੌਰ  ਦੇ ਸਮਾਜਸੇਵੀ ਅਮਰਜੀਤ ਸਿੰਘ ਸੂਦਨ ਨੂੰ ਜ਼ਿਆਦਾਤਰ ਲੋਕ 'ਭਾਪਾ ਜੀ' ਦੇ ਨਾਮ ਨਾਲ ਹੀ ਜਾਣਦੇ ਸਨ। ਲੰਮੀ ਬਿਮਾਰੀ ਤੋਂ ਬਾਅਦ ਮੰਗਲਵਾਰ ਨੂੰ ਅਖੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਨੇ ਇਕ ਸਥਾਨਕ ਨਿਜੀ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਨੇ ਕਰੀਬ 50 ਸਾਲਾਂ ਤਕ ਸਮਾਜਿਕ ਕੰਮ ਕਰਦਿਆਂ ਅਨੇਕਾਂ ਲੋਕਾਂ ਨੂੰ ਨਵਾਂ ਜੀਵਨ ਦਿਤਾ। ਉਨ੍ਹਾਂ ਨੇ ਸਮਾਜ ਦੇ ਦੁਰਕਾਰੇ ਲੋਕਾਂ ਦਾ ਜਿੱਥੇ ਅਪਣੇ ਹੱਥੀ ਨਾਲ ਸੰਸਕਾਰ ਕੀਤਾ ਉਥੇ ਹੀ ਕਈ ਅਜਿਹੇ ਵਿਅਕਤੀਆਂ ਦਾ ਇਲਾਜ ਵੀ ਕਰਵਾਇਆ ਜਿਨ੍ਹਾਂ ਦੇ ਸਰੀਰ 'ਚ ਕੀੜੇ ਤਕ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਨੇੜੇ ਜਾਣ ਨੂੰ ਕੋਈ ਤਿਆਰ ਨਹੀਂ ਸੀ ਹੁੰਦਾ।

ਅਮਰਜੀਤ ਸਿੰਘ ਇਨਸਾਨੀਅਤ ਦੀ ਜਿਊਂਦੀ ਜਾਗਦੀ ਮਿਸਾਲ ਸਨ। ਸਾਲ 2006 ਦੌਰਾਨ ਉਹ ਉਸ ਵੇਲੇ ਸੁਰਖੀਆਂ 'ਚ ਆਏ ਜਦੋਂ ਬਿਲਾਵਲੀ ਤਾਲਾਬ ਵਿਚ ਡੁੱਬੀ ਕੁੜੀ ਦੀ ਸਰੀਰ ਢੱਕਣ ਲਈ ਕੱਪੜਾ ਨਾ ਮਿਲਣ 'ਤੇ ਉਨ੍ਹਾਂ ਨੇ ਅਪਣੀ ਪੱਗ ਉਤਾਰ ਕੇ ਬੱਚੀ ਦਾ ਨੰਗੇਜ਼ ਢੱਕਿਆ। ਇਸ ਕਾਰਨ ਭਾਵੇਂ ਉਨ੍ਹਾਂ ਨੂੰ ਕੱਟੜਪੰਥੀਆਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਕਿਹਾ ਸੀ ਕਿ ਅਜਿਹੇ ਕੰਮ ਲਈ ਉਹ ਵਾਰ-ਵਾਰ ਅਜਿਹਾ ਕਰਦੇ ਰਹਿਣਗੇ।

ਇਸੇ ਤਰ੍ਹਾਂ ਉਨ੍ਹਾਂ ਨੂੰ ਜਿੱਥੇ ਕਿਤੇ ਵੀ ਕਿਸੇ ਲਾਵਾਰਸ ਵਿਅਕਤੀ ਦੇ ਤਰਸਯੋਗ ਹਾਲਤ 'ਚ ਪਏ ਹੋਣ ਦੀ ਸੂਚਨਾ ਮਿਲਦੀ, ਉਹ ਤੁਰੰਤ ਮੌਕੇ 'ਤੇ ਪਹੁੰਚ ਕੇ ਪੀੜਤ ਦੀ ਸਾਂਭ ਸੰਭਾਲ 'ਚ ਜੁਟ ਜਾਂਦੇ ਸਨ। ਜੇਕਰ ਕੋਈ ਮਜਬੂਰ ਜਾਂ ਬੇਸਹਾਰਾ ਉਨ੍ਹਾਂ ਨੂੰ ਫ਼ੋਨ ਕਰਦਾ ਤਾਂ ਉਹ ਬਿਨਾਂ ਦੇਰੀ ਦੇ ਆਪਣੀ ਬਾਇਕ ਚੁੱਕ ਕੇ ਉਸ ਕੋਲ ਪਹੁੰਚ ਜਾਂਦੇ ਅਤੇ ਫਿਰ ਆਪਣੀ ਬਾਇਕ 'ਤੇ ਜਾਂ ਰਿਕਸ਼ੇ ਜਾਂ ਐਂਬੂਲੈਂਸ ਸੱਦ ਕੇ ਪੀੜਤ ਜੋਤੀ ਨਿਵਾਸ ਜਾਂ ਕਿਸੇ ਅਜਿਹੇ ਆਸ਼ਰਮ ਲੈ ਜਾਂਦੇ ਜਿੱਥੇ ਉਸ ਦੀ ਦੇਖਭਾਲ ਹੋ ਸਕਦੀ ਹੁੰਦੀ। ਉਹ ਪੀੜਤ ਦੇ ਜ਼ਖ਼ਮਾਂ ਨੂੰ ਸਾਫ਼ ਕਰਨ ਤੋਂ ਬਾਅਦ ਮੁਢਲੀ ਸਹਾਇਤਾ ਦੇ ਕੇ ਕਿਸੇ ਆਸ਼ਰਮ ਜਾਂ ਯਤੀਮ ਆਸ਼ਰਮ ਵਿਚ ਪਹੁੰਚ ਦਿੰਦੇ ਸਨ। ਉਨ੍ਹਾਂ ਵਲੋਂ ਬੇਸਹਾਰਿਆਂ ਲਈ ਕੀਤੇ ਕੰਮਾਂ ਦੀ ਲੰਮੀ ਲਿਸਟ ਹੈ, ਜਿਨ੍ਹਾਂ ਨੂੰ ਯਾਦ ਕਰ ਕੇ  ਲੋਕ ਉਨ੍ਹਾਂ ਦੇ ਤੁਰ ਜਾਣ 'ਤੇ ਹੰਝੂ ਵਹਾ ਰਹੇ ਹਨ।