ਪੈਸਿਆਂ ਦਾ ਨਹੀਂ ਹੋਇਆ ਸਮਝੌਤਾ, ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਲਵਾਂਗੇ ਵੱਡਾ ਐਕਸ਼ਨ- ਟਿਕੈਤ
'ਜੇ ਮੰਗਾਂ ਨਾ ਮੰਨੀਆਂ ਤਾਂ ਦੇਸ਼ ਵਿਆਪੀ ਅੰਦੋਲਨ ਹੋਵੇਗਾ'
ਲਖਨਊ: ਲਖੀਮਪੁਰ ਹਿੰਸਾ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਪੰਜਾਬ ਤੇ ਛੱਤੀਸਗੜ੍ਹ ਸਰਕਾਰ ਨੇ 50-50 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਰਾਕੇਸ਼ ਟਿਕੈਤ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਡਾ ਸਰਕਾਰ ਨਾਲ ਪੈਸਿਆਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਇਆ ਹੈ।
ਜੇ ਸਰਕਾਰ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਪੈਸੇ ਦੇ ਕੇ ਸਾਨੂੰ ਮਨਾ ਲਿਆ ਹੈ ਤਾਂ ਉਹ ਆਪਣਾ ਅਕਾਊਂਟ ਨੰਬਰ ਭੇਜਣ ਅਸੀ ਉਨ੍ਹਾਂ ਦੇ ਅਕਾਊਂਟ 'ਚ ਪੈਸੇ ਵਾਪਸ ਭੇਜ ਦਵਾਂਗੇ। ਇਹ ਸਮਝੌਤਾ ਇਸ ਲਈ ਸੀ ਕਿ ਅਸੀਂ ਤਾਂ ਸਿਰਫ਼ ਇਹੀ ਚਾਹੁੰਦੇ ਸੀ ਕਿ ਸ਼ਹੀਦ ਕਿਸਾਨਾਂ ਦਾ ਸਸਕਾਰ ਹੋ ਜਾਵੇ।
ਇਹ ਸਮਝੌਤਾ ਸਿਰਫ ਹਲਾਤ ਦੇਖ ਕੇ ਅਤੇ ਦੱਸ ਹਜ਼ਾਰ ਤੋਂ ਵੱਧ ਲੋਕਾਂ ਅਤੇ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ। ਉਨ੍ਹਾਂ ਕਿਹਾ ਜਿਸਨੇ ਇਸ ਕਰਮ ਕਾਂਡ ਨੂੰ ਕਰਵਾਇਆ ਹੈ ਉਸ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਟਿਕੈਤ ਨੇ ਕਿਹਾ ਅਜੇ ਮਿਸ਼ਰਾ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਇਹ ਉਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਸਮਝੌਤਾ ਹੋਇਆ ਹੈ। ਟਿਕੈਤ ਨੇ ਕਿਹਾ ਪੁਲਿਸ-ਪ੍ਰਸ਼ਾਸਨ ਕੋਲ ਇਕ ਹਫਤੇ ਦਾ ਸਮਾਂ ਹੈ। ਅਸੀਂ ਅੰਤਿਮ ਅਰਦਾਸ ਵਾਲੇ ਦਿਨ ਫੈਸਲਾ ਲਵਾਂਗੇ ਜੇ ਮੰਗਾਂ ਨਾ ਮੰਨੀਆਂ ਤਾਂ ਦੇਸ਼ ਵਿਆਪੀ ਅੰਦੋਲਨ ਹੋਵੇਗਾ।