ਦੁਰਗਾ ਵਿਸਰਜਨ ਦੌਰਾਨ ਨਦੀ 'ਚ ਤੇਜ਼ ਵਹਾਅ ਆਉਣ ਕਾਰਨ ਡੁੱਬੇ ਲੋਕ , 7 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਲਾਪਤਾ

photo

 

ਨਵੀਂ ਦਿੱਲੀ: ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਬੁੱਧਵਾਰ ਰਾਤ ਦੁਰਗਾ ਵਿਸਰਜਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਜਲਪਾਈਗੁੜੀ 'ਚ ਮੱਲ ਨਦੀ 'ਚ ਵਿਸਰਜਨ ਦੌਰਾਨ ਅਚਾਨਕ ਆਏ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਲਾਪਤਾ ਹਨ। ਅਜੇ ਵੀ 30-40 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਰਾਤ ਕਰੀਬ 8 ਵਜੇ ਮਾਲਬਾਜ਼ਾਰ ਕਸਬੇ ਅਤੇ ਚਾਹ ਬਾਗ ਦੇ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਮੱਲ ਨਦੀ ਦੇ ਕੰਢੇ ਦੁਰਗਾ ਮੂਰਤੀਆਂ ਦੇ ਵਿਸਰਜਨ ਲਈ ਪੁੱਜੇ ਹੋਏ ਸਨ। ਦਰਿਆ ਦੇ ਦੋਵੇਂ ਪਾਸੇ ਵੱਡੀ ਭੀੜ ਇਕੱਠੀ ਹੋ ਗਈ। ਪ੍ਰਸ਼ਾਸਨ ਦੀ ਟੀਮ ਲਗਾਤਾਰ ਮਾਈਕ ਰਾਹੀਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦੇ ਰਹੀ ਸੀ।

ਇਸ ਦੇ ਬਾਵਜੂਦ ਕੁਝ ਲੋਕ ਮੂਰਤੀ ਨਾਲ ਕਾਰ ਲੈ ਕੇ ਨਦੀ ਦੇ ਵਿਚਕਾਰ ਪਹੁੰਚ ਗਏ ਪਰ ਕੁਝ ਦੇਰ ਬਾਅਦ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।

NDRF ਦੀ ਟੀਮ ਦੇਰ ਰਾਤ ਕਰੀਬ 1 ਵਜੇ ਤੱਕ ਬਚਾਅ ਕੰਮ 'ਚ ਲੱਗੀ ਰਹੀ। ਜਲਪਾਈਗੁੜੀ ਦੇ ਐਸਪੀ ਦੇਵਰਸ਼ੀ ਦੱਤਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ, 'ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹੁਣ ਤੱਕ 7 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਦਕਿ 10 ਜ਼ਖਮੀਆਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।