ਰਾਜੌਰੀ : ਫ਼ੌਜੀ ਕੈਂਪ ’ਚ ਗੋਲੀਬਾਰੀ, ਤਿੰਨ ਫ਼ੌਜੀ ਅਫ਼ਸਰਾਂ ਸਮੇਤ ਪੰਜ ਜਵਾਨ ਜ਼ਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਈ ਅਤਿਵਾਦੀ ਹਮਲਾ ਨਹੀਂ ਹੋਇਆ, ਇਹ ਕੈਂਪ ’ਚ ਇਕ ਮੰਦਭਾਗੀ ਅੰਦਰੂਨੀ ਘਟਨਾ ਹੈ : ਰਖਿਆ ਪੀ.ਆਰ.ਓ. 

Representative Image.

ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਵੀਰਵਾਰ ਨੂੰ ਇਕ ਫੌਜੀ ਕੈਂਪ ਦੇ ਅੰਦਰ ਇਕ ਅਧਿਕਾਰੀ ਵਲੋਂ ਕਥਿਤ ਤੌਰ ’ਤੇ ਗੋਲੀਬਾਰੀ ਕਰਨ ਅਤੇ ਗ੍ਰਨੇਡ ਧਮਾਕੇ ਕਰਨ ਕਾਰਨ ਨਾਲ ਤਿੰਨ ਅਧਿਕਾਰੀਆਂ ਸਮੇਤ ਘੱਟੋ-ਘੱਟ ਪੰਜ ਫੌਜੀ ਜ਼ਖਮੀ ਹੋ ਗਏ। 

ਸੂਤਰਾਂ ਅਨੁਸਾਰ ਇਕ ਮੇਜਰ ਰੈਂਕ ਦੇ ਅਧਿਕਾਰੀ ਨੇ ਫਾਇਰਿੰਗ ਅਭਿਆਸ ਸੈਸ਼ਨ ਦੌਰਾਨ ਬਿਨਾਂ ਕਿਸੇ ਕਿਸੇ ਵਲੋਂ ਭੜਕਾਉਣ ਤੋਂ ਅਪਣੇ ਸਾਥੀਆਂ ’ਤੇ ਗੋਲੀਆਂ ਚਲਾ ਦਿਤੀਆਂ ਅਤੇ ਫਿਰ ਯੂਨਿਟ ਦੇ ਅਸਲਾਖਾਨੇ ਵਿਚ ਲੁਕ ਗਿਆ। ਜਦੋਂ ਸੀਨੀਅਰ ਅਧਿਕਾਰੀ ਉਸ ਨੂੰ ਆਤਮਸਮਰਪਣ ਕਰਨ ਲਈ ਮਨਾਉਣ ਲਈ ਇਮਾਰਤ ਦੇ ਨੇੜੇ ਗਏ ਤਾਂ ਉਸ ਨੇ ਉਨ੍ਹਾਂ ’ਤੇ ਗ੍ਰਨੇਡ ਸੁੱਟੇ।

ਸੂਤਰਾਂ ਮੁਤਾਬਕ ਅਧਿਕਾਰੀ ਨੂੰ ਕਰੀਬ ਅੱਠ ਘੰਟੇ ਬਾਅਦ ਅਸਲਾਖਾਨੇ ਦੇ ਅੰਦਰ ਕਾਬੂ ਕਰ ਲਿਆ ਗਿਆ। ਇਹ ਘਟਨਾ ਜ਼ਿਲ੍ਹੇ ਦੇ ਥਾਨਾਮੰਡੀ ਨੇੜੇ ਨੀਲੀ ਚੌਂਕੀ ਵਿਖੇ ਵਾਪਰੀ। ਉਨ੍ਹਾਂ ਕਿਹਾ ਕਿ ਫ਼ੌਜ ਨੇ ਸਾਵਧਾਨੀ ਵਜੋਂ ਅਸਲਾਖਾਨੇ ਦੇ ਨੇੜੇ ਇਕ ਪਿੰਡ ਖਾਲੀ ਕਰਵਾਇਆ।

ਹਾਲਾਂਕਿ, ਫੌਜ ਨੇ ਦਾਅਵਾ ਕੀਤਾ ਕਿ ਰਾਜੌਰੀ ’ਚ ਇਕ ਚੌਕੀ ’ਤੇ ਸੰਭਾਵਿਤ ਗ੍ਰੇਨੇਡ ਹਾਦਸੇ ’ਚ ਇਕ ਅਧਿਕਾਰੀ ਜ਼ਖਮੀ ਹੋ ਗਿਆ। ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ, ‘‘ਇਲਾਜ ਤੋਂ ਬਾਅਦ ਉਸ ਦੀ ਹਾਲਤ ਸਥਿਰ ਹੈ। ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।’’

ਸੂਤਰਾਂ ਨੇ ਦਸਿਆ ਕਿ ਕੈਂਪ ’ਚ ਪਿਛਲੇ ਕਈ ਦਿਨਾਂ ਤੋਂ ਗੋਲੀਬਾਰੀ ਦਾ ਅਭਿਆਸ ਚਲ ਰਿਹਾ ਸੀ ਅਤੇ ਮੁਲਜ਼ਮ ਅਧਿਕਾਰੀ ਨੇ ਵੀਰਵਾਰ ਨੂੰ ਬਿਨਾਂ ਕਿਸੇ ਭੜਕਾਹਟ ਤੋਂ ਅਪਣੇ ਸਹਿਯੋਗੀਆਂ ਅਤੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।

ਬਾਅਦ ’ਚ ਸੂਤਰਾਂ ਨੇ ਕਿਹਾ, ਉਸ ਨੇ ਕੈਂਪ ਦੇ ਅਸਲਾਖਾਨੇ ’ਚ ਪਨਾਹ ਲਈ ਅਤੇ ਜਦੋਂ ਕਮਾਂਡਿੰਗ ਅਫਸਰ, ਅਪਣੇ ਡਿਪਟੀ ਅਤੇ ਮੈਡੀਕਲ ਅਫਸਰ ਦੇ ਨਾਲ, ਉਸ ਨੂੰ ਆਤਮ ਸਮਰਪਣ ਕਰਨ ਲਈ ਮਨਾਉਣ ਦੀ ਕੋਸ਼ਿਸ਼ ’ਚ ਇਮਾਰਤ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਗ੍ਰਨੇਡ ਸੁੱਟੇ।

ਉਨ੍ਹਾਂ ਦਸਿਆ ਕਿ ਮੁਲਜ਼ਮਾਂ ਵਲੋਂ ਸੁਟਿਆ ਗਿਆ ਗ੍ਰੇਨੇਡ ਉਨ੍ਹਾਂ ਦੇ ਨੇੜੇ ਫਟਣ ਨਾਲ ਤਿੰਨੇ ਅਧਿਕਾਰੀ ਜ਼ਖ਼ਮੀ ਹੋ ਗਏ। ਉਸ ਨੇ ਕਿਹਾ ਕਿ ਯੂਨਿਟ ਦੀ ਸੈਕਿੰਡ-ਇਨ-ਕਮਾਂਡ ਦੀ ਹਾਲਤ ‘ਨਾਜ਼ੁਕ’ ਦਸੀ ਗਈ ਹੈ। ਸੂਤਰਾਂ ਨੇ ਦਸਿਆ ਕਿ ਰਾਤ ਕਰੀਬ 11 ਵਜੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਅੰਨ੍ਹੇਵਾਹ ਗੋਲੀਬਾਰੀ ’ਚ ਦੋ ਹੋਰ ਫੌਜੀ ਵੀ ਜ਼ਖਮੀ ਹੋ ਗਏ।

ਘਟਨਾ ’ਤੇ ਜੰਮੂ ਸਥਿਤ ਰਖਿਆ ਪੀ.ਆਰ.ਓ. ਲੈਫਟੀਨੈਂਟ ਕਰਨਲ ਸੁਨੀਲ ਬਾਰਟਵਾਲ ਨੇ ਇਕ ਸੰਦੇਸ਼ ’ਚ ਕਿਹਾ, ‘‘ਮੈਨੂੰ ਜਨਰਲ ਖੇਤਰ ਰਾਜੌਰੀ ’ਚ ਫ਼ੌਜੀ ਕੈਂਪ ’ਤੇ ਗੋਲੀਬਾਰੀ/ਅਤਿਵਾਦੀ ਹਮਲੇ ਬਾਰੇ ਇਕ ਫ਼ੋਨ ਆਇਆ ਹੈ। ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਕੋਈ ਅਤਿਵਾਦੀ ਹਮਲਾ ਨਹੀਂ ਹੋਇਆ ਹੈ। ਇਹ ਕੈਂਪ ’ਚ ਇਕ ਮੰਦਭਾਗੀ ਅੰਦਰੂਨੀ ਘਟਨਾ ਹੈ।’’