ਭੋਪਾਲ ਦੀ ਫੈਕਟਰੀ ’ਚੋਂ 1,814 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਬਰਾਮਦ
ਮੈਫੇਡਰੋਨ ਨੂੰ ਬਣਾਉਣ ਵਾਲਾ ਕੱਚਾ ਮਾਲ ਵੀ ਜ਼ਬਤ, ਦੋ ਜਣੇ ਗ੍ਰਿਫਤਾਰ
ਅਹਿਮਦਾਬਾਦ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਅਧਿਕਾਰੀਆਂ ਨੇ ਇਕ ਫੈਕਟਰੀ ’ਚੋਂ 1,814 ਕਰੋੜ ਰੁਪਏ ਦਾ ਮੈਫੇਡਰੋਨ (ਐਮ.ਡੀ.) ਨਸ਼ੀਲਾ ਪਦਾਰਥ ਅਤੇ ਇਸ ਦੇ ਨਿਰਮਾਣ ਵਿਚ ਵਰਤਿਆ ਜਾਣ ਵਾਲਾ ਕੱਚਾ ਮਾਲ ਜ਼ਬਤ ਕੀਤਾ ਹੈ। ਇਸ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਗੁਜਰਾਤ ਸਥਿਤ ਅਤਿਵਾਦ ਰੋਕੂ ਦਸਤੇ (ਏ.ਟੀ.ਐਸ.) ਅਤੇ ਦਿੱਲੀ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੀ ਸਾਂਝੀ ਟੀਮ ਨੇ ਸਨਿਚਰਵਾਰ ਨੂੰ ਭੋਪਾਲ ਨੇੜੇ ਬਾਗਰੋਦਾ ਉਦਯੋਗਿਕ ਖੇਤਰ ’ਚ ਫੈਕਟਰੀ ’ਤੇ ਛਾਪਾ ਮਾਰਿਆ ਅਤੇ ਠੋਸ ਅਤੇ ਤਰਲ ਰੂਪਾਂ ’ਚ 907.09 ਕਿਲੋਗ੍ਰਾਮ ਮੈਫੇਡਰੋਨ ਜ਼ਬਤ ਕੀਤਾ।
ਗੁਜਰਾਤ ਏ.ਟੀ.ਐਸ. ਵਲੋਂ ਛਾਪੇਮਾਰੀ ਕੀਤੀ ਗਈ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਗੈਰ-ਕਾਨੂੰਨੀ ਫੈਕਟਰੀ ਹੈ। ਫੈਕਟਰੀ ਹਰ ਰੋਜ਼ 25 ਕਿਲੋ ਐਮ.ਡੀ. ਪੈਦਾ ਕਰਦੀ ਹੈ। ਜਦੋਂ ਛਾਪਾ ਮਾਰਿਆ ਗਿਆ ਤਾਂ ਫੈਕਟਰੀ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਪਦਾਰਥਾਂ ਦਾ ਨਿਰਮਾਣ ਕਰਨ ਦੀ ਪ੍ਰਕਿਰਿਆ ਜਾਰੀ ਸੀ।
ਏ.ਟੀ.ਐਸ. ਨੇ ਦਸਿਆ ਕਿ ਮੁਹਿੰਮ ਦੌਰਾਨ ਅਧਿਕਾਰੀਆਂ ਨੇ ਠੋਸ ਅਤੇ ਤਰਲ ਰੂਪ ’ਚ 907.09 ਕਿਲੋਗ੍ਰਾਮ ਮੈਫੇਡਰੋਨ ਜ਼ਬਤ ਕੀਤਾ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 1,814.18 ਕਰੋੜ ਰੁਪਏ ਹੈ। ਇਸ ਮੁਹਿੰਮ ਦੌਰਾਨ ਦੋ ਵਿਅਕਤੀਆਂ ਦੀ ਪਛਾਣ ਅਮਿਤ ਚਤੁਰਵੇਦੀ (57) ਅਤੇ ਸਾਨਿਆਲ ਪ੍ਰਕਾਸ਼ ਬਾਨੇ (40) ਵਜੋਂ ਹੋਈ ਹੈ।
ਮੁੱਢਲੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਾਨੇ ਨੂੰ ਇਸ ਤੋਂ ਪਹਿਲਾਂ 2017 ’ਚ ਮਹਾਰਾਸ਼ਟਰ ਦੇ ਅੰਬੋਲੀ ’ਚ ਐਮ.ਡੀ. ਡਰੱਗਜ਼ ਜ਼ਬਤ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਪੰਜ ਸਾਲ ਦੀ ਜੇਲ੍ਹ ਹੋਈ ਸੀ।
ਏ.ਟੀ.ਐਸ. ਨੇ ਕਿਹਾ, ‘‘ਰਿਹਾਈ ਤੋਂ ਬਾਅਦ, ਉਸ ਨੇ ਸਹਿ-ਦੋਸ਼ੀ ਚਤੁਰਵੇਦੀ ਨਾਲ ਮਿਲ ਕੇ ਮੁਨਾਫਾ ਕਮਾਉਣ ਲਈ ਐਮ.ਡੀ. ਨੂੰ ਗੈਰ-ਕਾਨੂੰਨੀ ਢੰਗ ਨਾਲ ਬਣਾਉਣ ਅਤੇ ਵੇਚਣ ਦੀ ਸਾਜ਼ਸ਼ ਰਚੀ ਅਤੇ ਭੋਪਾਲ ਦੇ ਬਾਹਰੀ ਇਲਾਕੇ ’ਚ ਇਕ ਫੈਕਟਰੀ ਕਿਰਾਏ ’ਤੇ ਦੇਣ ਦਾ ਫੈਸਲਾ ਕੀਤਾ।’’
ਉਨ੍ਹਾਂ ਕਿਹਾ ਕਿ ਦੋਹਾਂ ਮੁਲਜ਼ਮਾਂ ਨੇ 6-7 ਮਹੀਨੇ ਪਹਿਲਾਂ ਫੈਕਟਰੀ ਕਿਰਾਏ ’ਤੇ ਲਈ ਸੀ। ਤਿੰਨ-ਚਾਰ ਮਹੀਨੇ ਪਹਿਲਾਂ, ਉਨ੍ਹਾਂ ਨੇ ਕੱਚਾ ਮਾਲ ਅਤੇ ਸਾਜ਼ੋ-ਸਾਮਾਨ ਇਕੱਠਾ ਕੀਤਾ ਅਤੇ ਐਮ.ਡੀ. ਬਣਾਉਣਾ ਅਤੇ ਵੇਚਣਾ ਸ਼ੁਰੂ ਕਰ ਦਿਤਾ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮੰਤਰੀ ਨੇ ਟਵੀਟ ਕੀਤਾ, ‘‘ਨਸ਼ਿਆਂ ਵਿਰੁਧ ਜੰਗ ’ਚ ਵੱਡੀ ਜਿੱਤ ਲਈ ਗੁਜਰਾਤ ਏ.ਟੀ.ਐਸ. ਅਤੇ ਐਨ.ਸੀ.ਬੀ., ਦਿੱਲੀ ਨੂੰ ਵਧਾਈ। ਹਾਲ ਹੀ ’ਚ, ਉਨ੍ਹਾਂ ਨੇ ਭੋਪਾਲ ’ਚ ਇਕ ਫੈਕਟਰੀ ’ਤੇ ਛਾਪਾ ਮਾਰਿਆ ਅਤੇ ਐਮਡੀ ਅਤੇ ਇਸ ਨੂੰ ਬਣਾਉਣ ਲਈ ਵਰਤੀ ਗਈ ਸਮੱਗਰੀ ਜ਼ਬਤ ਕੀਤੀ, ਜਿਸ ਦੀ ਕੀਮਤ 1,814 ਕਰੋੜ ਰੁਪਏ ਹੈ।’’ ਮੰਤਰੀ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ, ‘‘ਆਓ ਭਾਰਤ ਨੂੰ ਸੁਰੱਖਿਅਤ ਅਤੇ ਸਿਹਤਮੰਦ ਰਾਸ਼ਟਰ ਬਣਾਉਣ ਦੀ ਮੁਹਿੰਮ ’ਚ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖੀਏ।’’