‘ਐਂਡਰੋਥ’ ਭਾਰਤੀ ਸਮੁੰਦਰੀ ਫ਼ੌਜ ਵਿਚ ਸ਼ਾਮਲ
ਵਿਸ਼ਾਖਾਪਟਨਮ ’ਚ ਪਣਡੁੱਬੀ ਵਿਰੋਧੀ ਜੰਗੀ ਜਹਾਜ਼ ਨੂੰ ਕੀਤਾ ਗਿਆ ਕਮਿਸ਼ਨ
ਵਿਸ਼ਾਖਾਪਟਨਮ : ਭਾਰਤੀ ਸਮੁੰਦਰੀ ਫ਼ੌਜ ਨੇ ਸੋਮਵਾਰ ਨੂੰ ਇੱਥੇ ਨੇਵਲ ਡੌਕਯਾਰਡ ਵਿਖੇ ਇਕ ਰਸਮੀ ਸਮਾਗਮ ਦੌਰਾਨ ਦੂਜੇ ਪਣਡੁੱਬੀ ਵਿਰੋਧੀ ਜੰਗ ਦੇ ਸ਼ੈਲੋ ਵਾਟਰ ਕ੍ਰਾਫਟ ‘ਐਂਡਰੋਥ’ ਨੂੰ ਸ਼ਾਮਲ ਕਰ ਲਿਆ। ਸਮੁੰਦਰੀ ਫ਼ੌਜ ਅਨੁਸਾਰ, ਐਂਡਰੋਥ ਨੂੰ ਸ਼ਾਮਲ ਕਰਨ ਨਾਲ ਇਸ ਦੀ ਸਮੁੱਚੀ ਪਣਡੁੱਬੀ ਵਿਰੋਧੀ ਜੰਗ (ਏ.ਐਸ.ਡਬਲਯੂ.) ਸਮਰੱਥਾ ਵਧੇਗੀ, ਖ਼ਾਸਕਰ ਤੱਟਵਰਤੀ ਅਤੇ ਡੂੰਘੇ ਪਾਣੀ ਵਿਚ ਕਾਰਜਾਂ ਲਈ।
ਇਸ ਸਮਾਗਮ ਦੀ ਪ੍ਰਧਾਨਗੀ ਪੂਰਬੀ ਨੇਵਲ ਕਮਾਂਡ (ਈ.ਐਨ.ਸੀ.) ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਰਾਜੇਸ਼ ਪੇਂਢਾਰਕਰ ਨੇ ਸੀਨੀਅਰ ਸਮੁੰਦਰੀ ਫ਼ੌਜ ਅਧਿਕਾਰੀਆਂ ਅਤੇ ਸ਼ਿਪਯਾਰਡ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤੀ। ਕੋਲਕਾਤਾ ਸਥਿਤ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਟਿਡ (ਜੀ.ਆਰ.ਐਸ.ਈ.) ਵਲੋਂ ਸਵਦੇਸ਼ੀ ਤੌਰ ਉਤੇ ਬਣਾਇਆ ਗਿਆ, ਇਹ ਜਹਾਜ਼ 80 ਫ਼ੀ ਸਦੀ ਤੋਂ ਵੱਧ ਸਥਾਨਕ ਤੌਰ ਉਤੇ ਪ੍ਰਾਪਤ ਕੀਤੇ ਗਏ ਹਿੱਸਿਆਂ ਦੇ ਨਾਲ ਭਾਰਤ ਦੀ ਵਧ ਰਹੀ ਸਮੁੰਦਰੀ ਜਹਾਜ਼ ਨਿਰਮਾਣ ਦੀ ਤਾਕਤ ਨੂੰ ਦਰਸਾਉਂਦਾ ਹੈ।