ਅਹਿਮਦਨਗਰ ਸਿਵਲ ਹਸਪਤਾਲ ਦੇ ICU ‘ਚ ਭਿਆਨਕ ਲੱਗੀ ਅੱਗ, ਜ਼ਿੰਦਾ ਸੜੇ 10 ਮਰੀਜ਼
7 ਮਰੀਜ਼ ਬੁਰੀ ਤਰ੍ਹਾਂ ਝੁਲਸੇ
ਅਹਿਮਦਨਗਰ: ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਜਿਥੇ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਅੱਗ ਲੱਗ ਗਈ ਹੈ, ਜਿਸ ਵਿੱਚ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਅੱਗ ਹਸਪਤਾਲ ਦੇ ਆਈਸੀਯੂ ਵਿੱਚ ਲੱਗੀ, ਜਿਸ ਵਿੱਚ 17 ਮਰੀਜ਼ ਭਰਤੀ ਸਨ। ਕਈ ਮਰੀਜ਼ਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅਹਿਮਦਨਗਰ ਦੇ ਡੀਐਮ ਰਾਜੇਂਦਰ ਭੋਸਲੇ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਅੱਗ ਲੱਗ ਗਈ। 10 ਲੋਕਾਂ ਦੀ ਮੌਤ ਹੋ ਗਈ। ਆਈਸੀਯੂ ਵਾਰਡ ਵਿੱਚ 17 ਮਰੀਜ਼ ਦਾਖਲ ਸਨ। ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਹਨਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ ਜਾਂ ਨਹੀਂ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਸਿਵਲ ਹਸਪਤਾਲ 'ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਮਰੀਜ਼ਾਂ ਨੂੰ ਦੂਜੀ ਜਗ੍ਹਾ ਸਿਫਟ ਕਰ ਦਿੱਤਾ ਗਿਆ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ਤੇ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਸਿਵਲ ਹਸਪਤਾਲ ਵਿੱਚ ਵਾਪਰੀ ਘਟਨਾ ਦਿਲ ਦਹਿਲਾਉਣ ਦੇਣ ਵਾਲੀ ਸੀ। ਦੁੱਖ ਦੀ ਇਸ ਘੜੀ ਵਿੱਚ ਮੇਰੀ ਹਮਦਰਦੀ ਦੁਖੀ ਪਰਿਵਾਰਾਂ ਦੇ ਨਾਲ ਅਤੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ।