ਹਿਸਾਰ 'ਚ ਭਾਜਪਾ ਸਾਂਸਦ ਦੇ ਵਿਰੋਧ ਦੌਰਾਨ ਜਖ਼ਮੀ ਹੋਏ ਕਿਸਾਨ ਦਾ ਹੋਇਆ ਸਫ਼ਲ ਆਪਰੇਸ਼ਨ
ਧਰਨਾ ਅਜੇ ਵੀ ਜਾਰੀ, ਕਿਸਾਨ ਆਗੂ ਵੀ ਪਹੁੰਚੇ
ਹਿਸਾਰ : ਭਾਰਤੀ ਜਨਤਾ ਪਾਰਟੀ ਦੇ ਸਾਂਸਦ ਰਾਮਚੰਦਰ ਜਾਂਗੜਾ ਦੀ ਸ਼ੁੱਕਰਵਾਰ ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਯਾਤਰਾ ਕਰਨ ’ਤੇ ਕਿਸਾਨਾਂ ਨੇ ਉਨ੍ਹਾਂ ਵਿਰੁਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਕਥਿਤ ਤੌਰ ’ਤੇ ਡਾਂਗਾਂ ਮਾਰ ਕੇ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਇਸ ਪ੍ਰਦਰਸ਼ ਦੌਰਾਨ ਇਕ ਕਿਸਾਨ ਕੁਲਦੀਪ ਸੁਿੰਘ ਗੰਭੀਰ ਜਖ਼ਮੀ ਹੋ ਗਿਆ ਸੀ ਜਿਸ ਦਾ ਬੀਤੀ ਦੇਰ ਰਾਤ ਆਪਰੇਸ਼ਨ ਹੋਇਆ ਤੇ ਇਹ ਆਪਰੇਸ਼ਨ ਸਫਲਤਾਪੂਰਨ ਹੋ ਗਿਆ ਹੈ।
ਇਸ ਪ੍ਰਦਰਸ਼ਨ ਦੌਰਾਨ ਕਈ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਇਹ ਮੰਗ ਰੱਖੀ ਸੀ ਕਿ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਭਾਜਪਾ ਆਗੂ ਮੁਆਫ਼ੀ ਮੰਗਣ। ਇਸ ਪ੍ਰਦਰਸ਼ਨ ਦੌਰਾਨ ਕਿਸਾਨ ਮੋਰਚੇ ਦੇ ਵੱਡੇ ਆਗੂ ਵੀ ਪੁੱਜੇ ਸਨ।
ਕਿਸਾਨਾਂ ਦੇ ਧਰਨੇ ਵਿਚ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਾਜਪਾ ਆਗੂ ਸਮਾਜ ਦੇ ਆਗੂ ਬਣ ਕੇ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਲਈ ਘੁੰਮ ਰਹੇ ਹਨ। ਪਾਰਟੀਆਂ ਦੇ ਆਗੂਆਂ ਦਾ ਕੰਮ ਮੰਦਰਾਂ ਜਾਂ ਧਰਮਸ਼ਾਲਾਵਾਂ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਨਹੀਂ ਹੈ, ਉਨ੍ਹਾਂ ਦਾ ਕੰਮ ਚੰਡੀਗੜ੍ਹ ਵਿਚ ਨੀਤੀਆਂ ਬਣਾਉਣਾ ਹੈ।
ਲੋਕਾਂ ਨੂੰ ਦੁਖੀ ਕਰਨ ਵਾਲੇ ਆਗੂ ਜਦੋਂ ਲੋਕਾਂ ਵਿਚ ਆਉਂਦੇ ਹਨ ਤਾਂ ਉਨ੍ਹਾਂ ਦਾ ਇਸੇ ਤਰ੍ਹਾਂ ਵਿਰੋਧ ਹੁੰਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ਨੇ ਅਜੇ ਵੀ ਨਾਰਨੌਂਦ ਥਾਣੇ ਦਾ ਘਿਰਾਓ ਕੀਤਾ ਹੋਇਆ ਹੈ ਤੇ ਅੱਜ ਥੋੜ੍ਹੇ ਸਮੇਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਇਸ ਪ੍ਰਦਰਸ਼ਨ ਵਿਚ ਪਹੁੰਚਣਗੇ ਤੇ ਕਿਸਾਨ ਮੀਟਿੰਗ ਤੋਂ ਬਾਅਦ ਅੱਗੇ ਦਾ ਫੈਸਲਾ ਲਿਆ ਜਾਵੇਗਾ।