ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲਾ ਵਿਚੋਲੀਆ ਮਿਸ਼ੇਲ ਪੰਜ ਦਿਨਾਂ ਦੀ ਸੀ.ਬੀ.ਆਈ. ਹਿਰਾਸਤ ਵਿਚ

ਏਜੰਸੀ

ਖ਼ਬਰਾਂ, ਰਾਸ਼ਟਰੀ

2019 ਦੀਆਂ ਚੋਣਾਂ ਤਕ ਕਾਂਗਰਸ ਵਿਰੁਧ ਵਰਤਿਆ ਜਾਏਗਾ ਤੇ ਫਿਰ ਭੁਲਾ ਦਿਤਾ ਜਾਏਗਾ............

Christian Michel

ਨਵੀਂ ਦਿੱਲੀ : ਅਗਸਤਾ-ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕਿਸ਼ਚੀਅਨ ਮਿਸ਼ੇਲ ਨੂੰ ਬੁਧਵਾਰ ਨੂੰ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਿਸ਼ੇਲ ਨੂੰ ਪੁੱਛ-ਪੜਤਾਲ ਲਈ ਪੰਜ ਦਿਨਾਂ ਦੀ ਸੀ.ਬੀ.ਆਈ. ਅਦਾਲਤ 'ਚ ਭੇਜ ਦਿਤਾ ਹੈ। ਬ੍ਰਿਟਿਸ਼ ਨਾਗਰਿਕ ਮਿਸ਼ੇਲ ਨੂੰ ਇਸ ਮਾਮਲੇ 'ਚ ਮੰਗਲਵਾਰ ਦੇਰ ਰਾਤ ਸੰਯੁਕਤ ਅਰਬ ਅਮੀਰਾਤ ਤੋਂ ਸਪੁਰਦਗੀ ਤੋਂ ਬਾਅਦ ਭਾਰਤ ਲਿਆਂਦਾ ਗਿਆ ਸੀ। ਉਧਰ ਬ੍ਰਿਟਿਸ਼ ਹਾਈ ਕਮਿਸ਼ਨ ਨੇ ਮਿਸ਼ੇਲ ਨੂੰ ਸਫ਼ਾਰਤੀ ਪਹੁੰਚ ਦੇਣ ਦੀ ਮੰਗ ਕੀਤੀ ਹੈ।

ਸਫ਼ਾਰਤਖ਼ਾਨੇ ਦੇ ਇਕ ਬੁਲਾਰੇ ਨੇ ਕਿਹਾ ਕਿ ਮਿਸ਼ੇਲ ਦੇ 'ਹਾਲਾਤ' 'ਤੇ ਭਾਰਤੀ ਅਧਿਕਾਰੀਆਂ ਤੋਂ ਤੁਰਤ ਜਾਣਕਾਰੀ ਮੰਗੀ ਗਈ ਹੈ। ਰਾਜਸੀ ਮਾਹਰਾਂ ਦਾ ਕਹਿਣਾ ਹੈ ਕਿ ਮਿਸ਼ੇਲ ਨੂੰ 2019 ਦੀਆਂ ਚੋਣਾਂ ਵਿਚ ਖ਼ੂਬ ਵਰਤਿਆ ਜਾਏਗਾ ਤੇ ਫਿਰ ਭੁਲਾ ਦਿਤਾ ਜਾਵੇਗਾ। ਮਿਸ਼ੇਲ ਨੂੰ 3600 ਕਰੋੜ ਰੁਪਏ ਦੇ ਘਪਲੇ ਬਾਬਤ ਯੂ.ਏ.ਈ. ਤੋਂ ਸਪੁਰਦੀ ਤੋਂ ਬਾਅਦ ਮੰਗਲਵਾਰ ਦੇਰ ਰਾਤ ਭਾਰਤ ਲਿਆਂਦਾ ਗਿਆ ਸੀ। ਅਗਸਤਾ-ਵੈਸਟਲੈਂਡ ਹੈਲੀਕਾਪਟਰ ਸੌਦੇ 'ਚ ਕਥਿਤ ਘਪਲੇ ਦੇ ਮਾਮਲੇ 'ਚ ਵਿਚੋਲੀਆ ਮਿਸ਼ੇਲ ਅਹਿਮ ਕੜੀ ਸਾਬਤ ਹੋ ਸਕਦਾ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਉਸ ਦੇ ਜ਼ਰੀਏ ਹੀ ਸੌਦੇ 'ਚ ਪੈਸੇ ਦੇ ਲੈਣ-ਦੇਣ ਬਾਰੇ ਕੁੱਝ ਅਹਿਮ ਸੁਰਾਗ ਹੱਥ ਲੱਗ ਸਕਦੇ ਹਨ ਜਿਨ੍ਹਾਂ ਨੂੰ ਜਾਂਚ ਏਜੰਸੀਆਂ ਲੰਮੇ ਸਮੇਂ ਤੋਂ ਭਾਲ ਕਰ ਰਹੀਆਂ ਹਨ। ਐਮ.ਆਈ.-8ਐਸ ਹੈਲੀਕਾਪਟਰ ਦਾ ਬਦਲ ਲੱਭਣ ਲਈ 1999 'ਚ 3600 ਕਰੋੜ ਰੁਪਏ ਦੇ ਵੀ.ਵੀ.ਆਈ.ਪੀ. ਹੈਲੀਕਾਪਟਰ ਸੌਦੇ ਦੀ ਪੇਸ਼ਕਸ਼ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 2010 'ਚ ਹੈਲੀਕਾਪਟਰ ਸੌਦੇ ਲਈ ਹਸਤਾਖ਼ਰ ਕੀਤੇ ਸਨ। ਪਰ ਉਡਾਨ ਹੱਦ ਨੂੰ ਘੱਟ ਕਰਨਾ ਹੀ ਇਸ ਸੌਦੇ 'ਚ ਭ੍ਰਿਸ਼ਟਾਚਾਰ ਦਾ ਮੁਢਲਾ ਦੋਸ਼ ਬਣਿਆ।   (ਪੀਟੀਆਈ)