ਵਾਰਾਣਸੀ ਦੇ ਸੰਕਟ ਮੋਚਨ ਮੰਦਰ ਨੂੰ ਉਡਾਉਣ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਰਾਣਸੀ ਦੇ ਸੰਕਟ ਮੋਚਨ ਮੰਦਰ ਵਿਚ 2006 ਤੋਂ ਵੀ ਵੱਡਾ ਧਮਾਕਾ ਕਰਨ ਦੀ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਦਿੱਤੇ.........

Sankat Mochan Hanuman Temple

ਵਾਰਾਣਸੀ : ਵਾਰਾਣਸੀ ਦੇ ਸੰਕਟ ਮੋਚਨ ਮੰਦਰ ਵਿਚ 2006 ਤੋਂ ਵੀ ਵੱਡਾ ਧਮਾਕਾ ਕਰਨ ਦੀ ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਲੰਕਾ ਥਾਣੇ ਵਿਚ ਜਮਾਦਾਰ ਮਿਆਂ ਅਤੇ ਅਸ਼ੋਕ ਯਾਦਵ ਵਿਰੁਧ ਮਾਮਲਾ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੇ ਨਾਲ ਹੀ ਸੰਕਟ ਮੋਚਨ ਮੰਦਰ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਾਵਧਾਨੀ ਵਰਤੀ ਜਾ ਰਹੀ ਹੈ। ਸੰਕਟ ਮੋਚਨ ਦੇ ਮਹੰਤ ਪ੍ਰੋਫੈਸਰ ਵਿਸ਼ੰਭਰਨਾਥ ਮਿਸ਼ਰਾ ਨੂੰ ਧਮਕੀ ਭਰੀ ਮਿਲੀ ਇਸ ਚਿੱਠੀ ਵਿਚ ਲਿਖਿਆ ਹੈ ਕਿ ਮੰਦਰ ਵਿਚ ਮਾਰਚ 2006 ਤੋਂ ਵੀ ਵੱਡਾ ਧਮਾਕਾ ਕਰਾਂਗੇ। 

ਇਸ ਧਮਕੀ ਨੂੰ ਹਲਕੇ ਵਿਚ ਨਾ ਲੈਣ ਦੀ ਚਿਤਾਵਨੀ ਵੀ ਦਿਤੀ ਗਈ ਹੈ। ਚਿੱਠੀ ਮਿਲਣ ਤੋਂ ਤੁਰਤ ਬਾਅਦ ਪ੍ਰੋਫੈਸਰ ਮਿਸ਼ਰਾ ਨੇ ਕੇਂਦਰੀ ਗ੍ਰਹਿ ਮੰਤਰਾਲਾ, ਆਈਬੀ ਅਤੇ ਏਡੀਜੀ ਜ਼ੋਨ ਨੂੰ ਇਸ ਸਬੰਧੀ ਜਾਣਕਾਰੀ ਦਿਤੀ। ਲੰਕਾ ਥਾਣੇ ਵਿਚ ਚਿੱਠੀ ਵਿਚ ਦਰਜ ਦੋਨਾਂ ਨਾਮਾਂ 'ਤੇ ਮਾਮਲਾ ਦਰਜ ਕਰ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਦੱਸ ਦਈਏ ਕਿ 7 ਮਾਰਚ 2006 ਨੂੰ ਸੰਕਟ ਮੋਚਨ ਮੰਦਰ ਅਤੇ ਕੈਂਟ ਸਟੇਸ਼ਨ 'ਤੇ ਲੜੀਵਾਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿਚ 7 ਲੋਕਾਂ ਦੀ ਮੌਤ ਹੋਈ ਸੀ ਜਦਕਿ 100 ਤੋਂ ਵੱਧ ਲੋਕ ਜਖ਼ਮੀ ਹੋਏ ਸਨ।

ਇਹ ਬੰਬ ਧਮਾਕਾ ਦੇਸ਼ ਦੇ 10 ਵੱਡੇ ਅਤਿਵਾਦੀ ਹਮਲਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਪੁਲਿਸ ਦੀ ਜਾਂਚ ਵਿਚ ਇਹ ਪਤਾ ਲਗਾ ਸੀ ਕਿ ਬੰਬ ਬਿਹਾਰ ਵਿਚ ਬਣਾਏ ਗਏ ਸਨ ਪਰ ਵਿਸਫੋਟਕ ਸਮੱਗਰੀ ਨੇਪਾਲ ਤੋਂ ਲਿਆਂਦੀ ਗਈ ਸੀ। ਐਸਐਸਪੀ ਆਨੰਦ ਕੁਲਕਰਨੀ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿਚ ਇਹ ਕਿਸੇ ਦੀ ਸ਼ਰਾਰਤ ਲਗ ਰਹੀ ਹੈ। ਫਿਰ ਵੀ ਜਾਂਚ ਸ਼ੁਰੂ ਕਰਵਾ ਦਿਤੀ ਗਈ ਹੈ। ਚਿੱਠੀ ਭੇਜਣ ਵਾਲਿਆਂ ਦੀ ਪਛਾਣ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।