ਗੁਰਦੁਆਰੇ 'ਚ ਹੋਏ ਝਗੜੇ ਦੌਰਾਨ ਗ੍ਰੰਥੀ ਨੇ ਦੂਜੇ ਗ੍ਰੰਥੀ 'ਤੇ ਤਬਲੇ ਨਾਲ ਕੀਤਾ ਹਮਲਾ
ਇਸ ਦੌਰਾਨ ਰਵਿੰਦਰ ਦੀ ਪਤਨੀ ਜਦੋਂ ਵਿੱਚ ਬਚਾਅ ਕਰਨ ਆਈ ਤਾਂ ਦਰਸ਼ਨ ਨੇ ਉਸ ਤੇ ਵੀ ਹਮਲਾ ਕਰ ਦਿੱਤਾ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਆਰਕੇਪੁਰਮ ਵਿੱਚ ਸਥਿਤ ਗੁਰਦੁਆਰੇ ਦੇ ਅੰਦਰ ਰਵਿੰਦਰ ਸਿੰਘ ਨਾਮੀ ਗ੍ਰੰਥੀ ਤੇ ਇੱਕ ਦੂਜੇ ਗ੍ਰੰਥੀ ਨੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਗ੍ਰੰਥੀ ਦੀ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਮਰਨ ਵਾਲੇ ਗ੍ਰੰਥੀ ਦੀ ਪਛਾਣ ਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਰਵਿੰਦਰ ਦੀ ਪਤਨੀ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣੋ ਪੂਰਾ ਮਾਮਲਾ
ਦਿੱਲੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕੀਰਤਨ ਤੇ ਪਾਠ ਦੇ ਸਮੇਂ ਰਵਿੰਦਰ ਸਿੰਘ ਤੇ ਦਰਸ਼ਨ ਸਿੰਘ ਨਾਮ ਦੇ ਗ੍ਰੰਥੀਆਂ ਵਿਚਾਲੇ ਕਿਸੇ ਗੱਲ ਤੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਦਰਸ਼ਨ ਸਿੰਘ ਨੇ ਰਵਿੰਦਰ ਸਿੰਘ ਤੇ ਤਬਲੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਰਵਿੰਦਰ ਦੀ ਪਤਨੀ ਜਦੋਂ ਵਿੱਚ ਬਚਾਅ ਕਰਨ ਆਈ ਤਾਂ ਦਰਸ਼ਨ ਨੇ ਉਸ ਤੇ ਵੀ ਹਮਲਾ ਕਰ ਦਿੱਤਾ।
ਜ਼ਖਮੀ ਰਵਿੰਦਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਜਿੱਥੇ ਸ਼ਨੀਵਾਰ ਨੂੰ ਰਵਿੰਦਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਡਾਕਟਰਾਂ ਮੁਤਾਬਕ ਰਵਿੰਦਰ ਦੇ ਸਿਰ ਤੇ ਕਾਫੀ ਜ਼ਿਆਦਾ ਸੱਟ ਵੱਜੀ ਸੀ। ਮ੍ਰਿਤਕ ਦੀ ਪਤਨੀ ਦਾ ਹਸਪਤਾਲ ਵਿੱਚ ਹੀ ਇਲਾਜ ਚੱਲ ਰਿਹਾ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।