Pfizer ਨੇ ਮੰਗੀ ਭਾਰਤ 'ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਾਈਜ਼ਰ ਇੰਡੀਆ ਭਾਰਤ 'ਚ ਕੋਰੋਨਾ ਵੈਕੀਸਨ ਦੀ ਐਮਰਜੈਂਸੀ ਇਸਤੇਮਾਲ ਦੀ ਆਗਿਆ ਮੰਗਣ ਵਾਲੀ ਪਹਿਲੀ ਦਵਾਈ ਨਿਰਮਾਤਾ ਕੰਪਨੀ ਬਣ ਗਈ ਹੈ।

Pfizer

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੇਸ਼ਭਰ ਵਿੱਚ ਵਧਦਾ ਜਾ ਰਿਹਾ ਹੈ। ਇਸ ਦੇ ਚਲਦੇ ਕੋਰੋਨਾ ਨੂੰ ਰੋਕਣ ਲਈ ਬਹੁਤ ਸਾਰੀਆਂ ਏਜੰਸੀਆਂ ਨਿਰੰਤਰ ਵੈਕਸੀਨ 'ਤੇ ਕੰਮ ਕਰ ਰਹੀਆਂ ਹਨ। ਇਸ ਵਿਚਕਾਰ ਹੁਣ ਫਾਈਜ਼ਰ ਇੰਡੀਆ ਭਾਰਤ 'ਚ ਕੋਰੋਨਾ ਵੈਕੀਸਨ ਦੀ ਐਮਰਜੈਂਸੀ ਇਸਤੇਮਾਲ ਦੀ ਆਗਿਆ ਮੰਗਣ ਵਾਲੀ ਪਹਿਲੀ ਦਵਾਈ ਨਿਰਮਾਤਾ ਕੰਪਨੀ ਬਣ ਗਈ ਹੈ। 

ਅਧਿਕਾਰਿਕ ਸੂਤਰਾਂ ਨੇ ਦੱਸਿਆ " ਫਾਈਜ਼ਰ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੂੰ ਇਸ ਸਿਲਸਿਲੇ 'ਚ ਆਪਣਾ ਮੰਗ ਪੱਤਰ ਸੌਂਪਿਆ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਫਾਈਜ਼ਰ ਨੂੰ ਬਰਤਾਨੀਆ ਤੇ ਬਹਰੀਨ 'ਚ ਵੈਕਸੀਨ ਦੇ ਇਸਤੇਮਾਲ ਦੀ ਆਗਿਆ ਮਿਲ ਚੁੱਕੀ ਹੈ।"

ਦੱਸ ਦੇਈਏ ਕਿ ਵਰਤਮਾਨ ਵਿੱਚ ਫਾਈਜ਼ਰ-ਬਾਇਓਨਟੈਕ ਦੀ ਕੋਰੋਨਾ ਵੈਕਸੀਨ ਨੂੰ ਯੂਕੇ ਵਿੱਚ ਵਰਤਣ ਲਈ ਮਨਜੂਰ ਕੀਤਾ ਗਿਆ ਹੈ। ਇਸ ਤੋਂ ਬਾਅਦ ਫਾਈਜ਼ਰ ਨੇ ਭਾਰਤ 'ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। ਫਾਈਜ਼ਰ-ਬਾਇਓਨਟੈਕ ਦੀ ਕੋਰੋਨਾ ਵੈਕਸੀਨ ਦੀ ਵਰਤੋਂ ਅਗਲੇ ਹਫਤੇ ਮੰਗਲਵਾਰ ਤੋਂ ਯੂਕੇ 'ਚ ਸ਼ੁਰੂ ਕੀਤੀ ਜਾਏਗੀ। 

ਫਾਈਜ਼ਰ ਵੈਕਸੀਨ ਦੇ ਸਟੋਰੇਜ ਲਈ ਘੱਟੋ ਘੱਟ ਤਾਪਮਾਨ ਮਾਈਨਸ 70 ਡਿਗਰੀ ਸੈਲਸੀਅਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ, ਭਾਰਤ ਵਰਗੇ ਦੇਸ਼ ਵਿੱਚ ਇਸ ਦੀ ਡਿਲੀਵਰੀ ਕਰਨਾ ਇੱਕ ਵੱਡੀ ਚੁਣੌਤੀ ਹੈ, ਖ਼ਾਸਕਰ ਛੋਟੇ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿੱਚ ਜਿੱਥੇ ਅਜਿਹੀਆਂ ਕੋਲਡ ਚੇਨ ਸਹੂਲਤਾਂ ਨੂੰ ਬਣਾਈ ਰੱਖਣਾ ਬਹੁਤ ਮੁਸ਼ਕਲ ਹੋਵੇਗਾ।