ਵਸੀਮ ਰਿਜ਼ਵੀ ਨੇ ਅਪਣਾਇਆ ਹਿੰਦੂ ਧਰਮ, ਬਣੇ ਜਤਿੰਦਰ ਨਰਾਇਣ ਤਿਆਗੀ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਦਾਸਨਾ ਦੇਵੀ ਮੰਦਿਰ ਸ਼ਿਵ ਸ਼ਕਤੀ ਧਾਮ ਦੇ ਮਹੰਤ ਯਤੀ ਨਰਸਿਮਹਾਨੰਦ ਗਿਰੀ ਮਹਾਰਾਜ ਨੇ ਵਸੀਮ ਰਿਜ਼ਵੀ ਨੂੰ ਸਨਾਤਨ ਧਰਮ ਕਰਵਾਇਆ।
ਗਾਜ਼ੀਆਬਾਦ: ਸ਼ੀਆ ਵਕਫ਼ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਅੱਜ ਇਸਲਾਮ ਛੱਡ ਕੇ ਹਿੰਦੂ ਬਣ ਗਏ ਹਨ। ਕੁਰਾਨ ਦੀਆਂ ਆਇਤਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦੇਣ ਵਾਲੇ ਵਸੀਮ ਰਿਜ਼ਵੀ ਨੇ ਹਿੰਦੂ ਧਰਮ ਸਵੀਕਾਰ ਕਰ ਲਿਆ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਦਾਸਨਾ ਦੇਵੀ ਮੰਦਿਰ ਸ਼ਿਵ ਸ਼ਕਤੀ ਧਾਮ ਦੇ ਮਹੰਤ ਯਤੀ ਨਰਸਿਮਹਾਨੰਦ ਗਿਰੀ ਮਹਾਰਾਜ ਨੇ ਵਸੀਮ ਰਿਜ਼ਵੀ ਨੂੰ ਸਨਾਤਨ ਧਰਮ ਕਰਵਾਇਆ। ਹਿੰਦੂ ਧਰਮ ਸਵੀਕਾਰ ਕਰਨ ਤੋਂ ਬਾਅਦ ਵਸੀਮ ਰਿਜ਼ਵੀ ਦਾ ਨਾਂ ਜਤਿੰਦਰ ਨਰਾਇਣ ਸਿੰਘ ਤਿਆਗੀ ਹੋ ਗਿਆ ਹੈ।
ਦੱਸ ਦਈਏ ਕਿ ਵਸੀਮ ਰਿਜ਼ਵੀ ਉਦੋਂ ਸੁਰਖੀਆਂ ਵਿਚ ਆਇਆ ਸੀ ਜਦੋਂ ਉਸ ਨੇ ਕੁਰਾਨ ਦੀਆਂ ਆਇਤਾਂ ਨੂੰ ਹਟਾਉਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਦਿੱਤੀ ਸੀ। ਜਿਸ ਤੋਂ ਬਾਅਦ ਕਈ ਘੱਟ ਗਿਣਤੀ ਸੰਗਠਨਾਂ ਨੇ ਉਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਵਸੀਮ ਰਿਜ਼ਵੀ ਦੀ ਕਿਤਾਬ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਵੱਡੀ ਗਿਣਤੀ ਹਿੰਦੂ ਧਾਰਮਿਕ ਆਗੂਆਂ ਨੇ ਵਸੀਮ ਰਿਜ਼ਵੀ ਦਾ ਹਿੰਦੂ ਬਣਨ ਦਾ ਸਵਾਗਤ ਕੀਤਾ ਹੈ।
ਕੁਝ ਸਮਾਂ ਪਹਿਲਾਂ ਵਸੀਮ ਰਿਜ਼ਵੀ ਨੇ ਆਪਣੀ ਵਸੀਅਤ ਵਿਚ ਲਿਖਿਆ ਸੀ ਕਿ ਉਸ ਨੂੰ ਮਰਨ ਤੋਂ ਬਾਅਦ ਦਫ਼ਨਾਉਣ ਦੀ ਬਜਾਏ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਉਸ ਦਾ ਸਸਕਾਰ ਕੀਤਾ ਜਾਵੇ। ਹਾਲਾਂਕਿ ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਦਾ ਇਸਲਾਮ ਅਤੇ ਸ਼ੀਆਓ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵਸੀਮ ਰਿਜ਼ਵੀ ਨੇ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਸ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਕੱਟੜਪੰਥੀ ਉਸ ਦੀ ਗਰਦਨ ਕੱਟਣਾ ਚਾਹੁੰਦੇ ਹਨ।
ਉਸ ਨੇ ਕੁਰਾਨ ਦੀਆਂ 26 ਆਇਤਾਂ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ। ਉਸ ਨੂੰ ਮਾਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਕਬਰਸਤਾਨ ਵਿਚ ਦਫ਼ਨਾਉਣ ਲਈ ਜਗ੍ਹਾ ਨਹੀਂ ਦੇਣਗੇ। ਇਸ ਲਈ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ।
ਉਹਨਾਂ ਕਿਹਾ ਕਿ ਉਸ ਦੀ ਚਿਤਾ ਨੂੰ ਅੱਗ ਸਿਰਫ਼ ਮਹੰਤ ਯਤੀ ਨਰਸਿਮਹਾਨੰਦ ਗਿਰੀ ਮਹਾਰਾਜ ਹੀ ਦੇਣ। ਦੱਸ ਦਈਏ ਕਿ ਵਸੀਮ ਰਿਜ਼ਵੀ ਲੰਬੇ ਸਮੇਂ ਤੋਂ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਹਨ। ਉਹ ਸ਼ਰੇਆਮ ਕੱਟੜਵਾਦ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਰਹਿੰਦਾ ਹੈ। ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।