ਨਾਗਾਲੈਂਡ 'ਚ ਗੋਲੀਬਾਰੀ 'ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ
ਕਿਹਾ- ਦੇਸ਼ 'ਚ ਸੁਰੱਖਿਅਤ ਨਹੀਂ ਨਾਗਰਿਕ, ਕੀ ਕਰ ਰਿਹਾ ਹੈ ਗ੍ਰਹਿ ਮੰਤਰਾਲਾ ?
ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਨਾਗਾਲੈਂਡ ਦੇ ਮੋਨ ਜ਼ਿਲ੍ਹੇ 'ਚ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਕਈ ਨਾਗਰਿਕਾਂ ਦੇ ਮਾਰੇ ਜਾਣ ਦੇ ਮੱਦੇਨਜ਼ਰ ਕੇਂਦਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਦੋਂ ''ਆਮ ਲੋਕ ਅਤੇ ਸੁਰੱਖਿਆ ਕਰਮਚਾਰੀ ਆਪਣੀ ਜ਼ਮੀਨ 'ਤੇ ਸੁਰੱਖਿਅਤ ਨਹੀਂ ਹਨ'' ਤਾਂ ਸਰਕਾਰ ਗ੍ਰਹਿ ਮੰਤਰਾਲਾ ਕੀ ਕਰ ਰਿਹਾ ਹੈ, ਇਸ ਦਾ "ਸਹੀ ਜਵਾਬ" ਦੇਣਾ ਚਾਹੀਦਾ ਹੈ।
ਨਾਗਾਲੈਂਡ ਵਿੱਚ ਪੁਲਿਸ ਨੇ ਕਿਹਾ ਕਿ ਸੂਬੇ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੀ ਕਥਿਤ ਗੋਲੀਬਾਰੀ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ। ਪੁਲਿਸ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਗਲਤ ਪਛਾਣ ਦਾ ਮਾਮਲਾ ਸੀ।
ਇਸ ਘਟਨਾ ਦੇ ਪਿਛੋਕੜ 'ਚ ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਇਹ ਦਿਲ ਦਹਿਲਾਉਣ ਵਾਲਾ ਹੈ। ਭਾਰਤ ਸਰਕਾਰ ਨੂੰ ਸਹੀ ਜਵਾਬ ਦੇਣਾ ਚਾਹੀਦਾ ਹੈ। ਆਖ਼ਰ ਗ੍ਰਹਿ ਮੰਤਰਾਲਾ ਕੀ ਕਰ ਰਿਹਾ ਹੈ ਜਦੋਂ ਨਾਗਰਿਕ, ਇੱਥੋਂ ਤੱਕ ਕਿ ਸੁਰੱਖਿਆ ਕਰਮਚਾਰੀ ਵੀ ਆਪਣੀ ਜ਼ਮੀਨ 'ਤੇ ਸੁਰੱਖਿਅਤ ਨਹੀਂ ਹਨ।''
ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਮੋਨ ਜ਼ਿਲ੍ਹੇ 'ਚ ਅਤਿਵਾਦੀਆਂ ਦੀਆਂ ਸੰਭਾਵਿਤ ਗਤੀਵਿਧੀਆਂ ਬਾਰੇ ਭਰੋਸੇਯੋਗ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ। ਫ਼ੌਜ ਨੇ ਦੱਸਿਆ ਕਿ ਆਪਰੇਸ਼ਨ 'ਚ ਕਈ ਸੁਰੱਖਿਆ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਇਕ ਜਵਾਨ ਦੀ ਮੌਤ ਹੋ ਗਈ ਹੈ।