ਪ੍ਰਸਤਾਵਨਾ ਤੋਂ ‘ਧਰਮ ਨਿਰਪੱਖ’, ‘ਸਮਾਜਵਾਦੀ’ ਨੂੰ ਹਟਾਉਣ ਲਈ ਨਿਜੀ ਮੈਂਬਰ ਬਿਲ ਰਾਜ ਸਭਾ ਵਿਚ ਪੇਸ਼
ਭਾਜਪਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਹ ਦੋ ਸ਼ਬਦ ‘ਤੁਸ਼ਟੀਕਰਨ ਦੀ ਰਾਜਨੀਤੀ’ ਲਈ ਸ਼ਾਮਲ ਕੀਤੇ ਗਏ ਸਨ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਭੀਮ ਸਿੰਘ ਨੇ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ’ਚ ‘ਧਰਮ ਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦਾਂ ਦੀ ਲੋੜ ਨਹੀਂ ਹੈ ਅਤੇ ਇਨ੍ਹਾਂ ਨੂੰ ਐਮਰਜੈਂਸੀ ਦੌਰਾਨ ‘ਗੈਰ-ਜਮਹੂਰੀ’ ਤਰੀਕੇ ਨਾਲ ਜੋੜਿਆ ਗਿਆ ਸੀ।
ਭੀਮ ਸਿੰਘ ਨੇ ਸ਼ੁਕਰਵਾਰ ਨੂੰ ਰਾਜ ਸਭਾ ਵਿਚ ਸੰਵਿਧਾਨ (ਸੋਧ) ਬਿਲ, 2025 (ਪ੍ਰਸਤਾਵਨਾ ਵਿਚ ਸੋਧ) ਪੇਸ਼ ਕਰਦਿਆਂ ਕਿਹਾ ਕਿ ਇਹ ਸ਼ਬਦ ‘ਭੰਬਲਭੂਸਾ’ ਪੈਦਾ ਕਰਦੇ ਹਨ ਅਤੇ ਇਹ ਅਸਲ ਸੰਵਿਧਾਨ ਦਾ ਹਿੱਸਾ ਨਹੀਂ ਹਨ। ਉਨ੍ਹਾਂ ਕਿਹਾ, ‘‘ਮੈਂ ਸੰਵਿਧਾਨ ਦੀ ਪ੍ਰਸਤਾਵਨਾ ’ਚ ਸੋਧ ਕਰਨ ਲਈ ‘ਸਮਾਜਵਾਦੀ’ ਅਤੇ ‘ਧਰਮ ਨਿਰਪੱਖ’ ਸ਼ਬਦਾਂ ਨੂੰ ਹਟਾਉਣ ਲਈ ਇਕ ਨਿਜੀ ਮੈਂਬਰ ਬਿਲ ਪੇਸ਼ ਕੀਤਾ ਹੈ। 1949 ਵਿਚ ਅਪਣਾਇਆ ਗਿਆ ਮੂਲ ਸੰਵਿਧਾਨ, ਜੋ 1950 ਤੋਂ ਲਾਗੂ ਹੈ, ਵਿਚ ਇਹ ਦੋ ਸ਼ਬਦ ਨਹੀਂ ਸਨ। ਇੰਦਰਾ ਗਾਂਧੀ ਨੇ 1976 ਵਿਚ ਐਮਰਜੈਂਸੀ ਦੌਰਾਨ 42ਵੀਂ ਸੰਵਿਧਾਨ ਸੋਧ ਦੇ ਤਹਿਤ ਸੰਵਿਧਾਨ ਵਿਚ ਇਹ ਦੋ ਸ਼ਬਦ ਸ਼ਾਮਲ ਕੀਤੇ। ਉਸ ਸਮੇਂ ਸੰਸਦ ’ਚ ਕੋਈ ਬਹਿਸ ਨਹੀਂ ਹੋਈ ਸੀ।’’
ਭਾਜਪਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਹ ਦੋ ਸ਼ਬਦ ‘ਤੁਸ਼ਟੀਕਰਨ ਦੀ ਰਾਜਨੀਤੀ’ ਲਈ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਕਿਹਾ, ‘‘ਤਤਕਾਲੀ ਸੋਵੀਅਤ ਸੰਘ ਨੂੰ ਖੁਸ਼ ਕਰਨ ਲਈ ‘ਸਮਾਜਵਾਦੀ’ ਸ਼ਬਦ ਜੋੜਿਆ ਗਿਆ ਸੀ ਅਤੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ‘ਧਰਮ ਨਿਰਪੱਖ’ ਸ਼ਬਦ ਜੋੜਿਆ ਗਿਆ ਸੀ। ਇਹ ਬੇਲੋੜਾ ਹੈ. ਇਸ ਦੀ ਲੋੜ ਨਹੀਂ ਹੈ; ਇਹ ਸਿਰਫ ਉਲਝਣ ਪੈਦਾ ਕਰਦਾ ਹੈ।’’