ਪੀਣ ਵਾਲਾ ਪਾਣੀ ਬਚਾਉਣ ਮਾਰੇ ਜਾਣਗੇ 10,000 ਊਠ
ਪੇਸ਼ੇਵਰਾਨਾ ਨਿਸ਼ਾਨੇਬਾਜ਼ ਹੈਲੀਕਾਪਟਰਾਂ ਤੋਂ ਊਠਾਂ ਨੂੰ ਗੋਲ਼ੀਆਂ ਮਾਰ ਕੇ ਖ਼ਤਮ ਕਰਨਗੇ
ਨਵੀਂ ਦਿੱਲੀ- ਆਮ ਤੌਰ ’ਤੇ ਮਨੁੱਖਤਾ ਸਦਾ ਜੀਵ–ਜੰਤੂਆਂ ਨੂੰ ਬਚਾਉਣ ਦੇ ਯਤਨਾਂ ’ਚ ਲੱਗੀ ਰਹਿੰਦੀ ਹੈ ਪਰ ਆਸਟ੍ਰੇਲੀਆ ਦੇ ਆਦਿਵਾਸੀ ਆਗੂਆਂ ਦੇ ਇੱਕ ਫ਼ੈਸਲੇ ਤੋਂ ਸਾਰੀ ਦੁਨੀਆਂ ਹੈਰਾਨ ਹੈ। ਉਨ੍ਹਾਂ ਸੋਕਾਗ੍ਰਸਤ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਬਚਾਉਣ ਲਈ ਦੱਖਣੀ ਆਸਟ੍ਰੇਲੀਆ ’ਚ ਲਗਭਗ 10,000 ਜੰਗਲ਼ੀ ਊਠਾਂ ਨੂੰ ਜਾਨੋਂ ਮਾਰਨ ਦਾ ਹੁਕਮ ਦੇ ਦਿੱਤਾ ਹੈ। ਇਹ ਕੰਮ ਕੱਲ੍ਹ ਬੁੱਧਵਾਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।
ਪੇਸ਼ੇਵਰਾਨਾ ਨਿਸ਼ਾਨੇਬਾਜ਼ ਹੈਲੀਕਾਪਟਰਾਂ ਤੋਂ ਊਠਾਂ ਨੂੰ ਗੋਲ਼ੀਆਂ ਮਾਰ ਕੇ ਖ਼ਤਮ ਕਰਨਗੇ। ਦਰਅਸਲ, ਆਸਟ੍ਰੇਲੀਆ ਦੇ ਕੁਝ ਆਦਿਵਾਸੀ ਕਬੀਲਿਆਂ ਨੂੰ ਸ਼ਿਕਾਇਤ ਹੈ ਕਿ ਜੰਗਲ਼ੀ ਊਠ ਪਾਣੀ ਪੀਣ ਲਈ ਉਨ੍ਹਾਂ ਦੇ ਇਲਾਕੇ ’ਚ ਆਉਂਦੇ ਹਨ ਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਡਾਢਾ ਨੁਕਸਾਨ ਪਹੁੰਚਾਉਂਦੇ ਹਨ। ਇਸੇ ਲਈ ਅਜਿਹੇ ਊਠਾਂ ਨੂੰ ਹੁਣ ਜਾਨੋਂ ਮਾਰਨ ਦਾ ਫ਼ੈਸਲਾ ਲਿਆ ਗਿਆ ਹੈ।
ਪੰਜ ਦਿਨਾਂ ’ਚ ਅਜਿਹੇ ਸਾਰੇ ਜੰਗਲੀ ਊਠ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਊਠਾਂ ਨੂੰ ਮਾਰਨ ਲਈ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਉਹ ਆਪਣੀ ਮੀਥੇਨ ਗੈਸ ਨਾਲ ਦੁਨੀਆ ਨੂੰ ਗਰਮ ਕਰ ਰਹੇ ਹਨ। ਦਾਅਵਾ ਕੀਤਾ ਗਿਆ ਹੈ ਕਿ ਇਹ ਊਠ ਇੱਕ ਸਾਲ ਅੰਦਰ ਇੱਕ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਮੀਥੇਨ ਦੀ ਨਿਕਾਸੀ ਕਰਦੇ ਹਨ।
ਜੰਗਲੀ ਊਠ ਪ੍ਰਬੰਧ ਯੋਜਨਾ ਦਾ ਦਾਅਵਾ ਹੈ ਕਿ ਜੇ ਊਠਾਂ ਨੂੰ ਲੈ ਕੇ ਕੋਈ ਰੋਕਥਾਮ ਯੋਜਨਾ ਨਾ ਲਿਆਂਦੀ ਗਈ, ਤਾਂ ਇੱਥੇ ਜੰਗਲ਼ੀ ਊਠਾਂ ਦੀ ਆਬਾਦੀ ਹਰ 9 ਸਾਲਾਂ ’ਚ ਦੁੱਗਣੀ ਹੋ ਜਾਵੇਗੀ। ਕਾਰਬਨ ਫ਼ਾਰਮਿੰਗ ਮਾਹਰਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਮੂਰ ਦਾ ਕਹਿਣਾ ਹੈ ਕਿ ਇੱਕ ਲੱਖ ਜੰਗਲ਼ੀ ਊਠ ਹਰ ਸਾਲ ਜਿੰਨੀ ਕਾਰਬਨ ਡਾਈਆਕਸਾਈਡ ਦੇ ਬਰਾਬਰ ਮੀਥੇਨ ਦੀ ਨਿਕਾਸੀ ਕਰਦੇ ਹਨ, ਉਹ ਸੜਕ ਉੱਤੇ ਚੱਲਣ ਵਾਲੀਆਂ ਚਾਰ ਲੱਖ ਕਾਰਾਂ ਦੇ ਬਰਾਬਰ ਹੈ।
ਆਸਟ੍ਰੇਲੀਆ ਇਸ ਵੇਲੇ ਜੰਗਲ਼ਾਂ ਦੀ ਅੱਗ ਨਾਲ ਜੂਝ ਰਿਹਾ ਹੈ। ਇਸ ਅਗਨੀ–ਕਾਂਡ ’ਚ ਹੁਣ ਤੱਕ ਲੱਖਾਂ ਜੀਵ–ਜੰਤੂਆਂ ਦੀ ਸੜ ਕੇ ਮੌਤ ਹੋ ਚੁੱਕੀ ਹੈ। ਇਸ ਬਾਰੇ ਕਈ ਦਰਦਨਾਕ ਤਸਵੀਰਾਂ ਤੇ ਵਿਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।