ਕੰਝਵਾਲਾ ਸੜਕ ਹਾਦਸਾ - ਅਦਾਲਤ ਨੇ ਮੁਲਜ਼ਮ ਅੰਕੁਸ਼ ਖੰਨਾ ਨੂੰ ਦਿੱਤੀ ਜ਼ਮਾਨਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਇਹ ਦੇਖਦੇ ਹੋਏ ਜ਼ਮਾਨਤ ਦਿੱਤੀ ਕਿ ਉਸ 'ਤੇ ਲੱਗੇ ਦੋਸ਼ ਜ਼ਮਾਨਤਯੋਗ ਹਨ 

Image

 

ਨਵੀਂ ਦਿੱਲੀ - ਇੱਥੋਂ ਦੀ ਇੱਕ ਅਦਾਲਤ ਨੇ ਕਾਂਝਵਾਲਾ ਮਾਮਲੇ ਵਿੱਚ ਕਥਿਤ ਤੌਰ ’ਤੇ ਮੁਲਜ਼ਮਾਂ ਦਾ ਬਚਾਅ ਕਰਨ ਵਾਲੇ ਅੰਕੁਸ਼ ਖੰਨਾ ਨੂੰ ਸ਼ਨੀਵਾਰ ਨੂੰ ਜ਼ਮਾਨਤ ਦੇ ਦਿੱਤੀ।

ਮੈਟਰੋਪੋਲੀਟਨ ਮੈਜਿਸਟਰੇਟ ਸਾਨਿਆ ਦਲਾਲ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰਨ ਵਾਲੇ ਖੰਨਾ ਨੂੰ ਇਹ ਦੇਖਦੇ ਹੋਏ ਜ਼ਮਾਨਤ ਦਿੱਤੀ, ਕਿ ਉਸ 'ਤੇ ਲੱਗੇ ਦੋਸ਼ ਜ਼ਮਾਨਤਯੋਗ ਹਨ।

ਜੱਜ ਨੇ ਨੋਟ ਕੀਤਾ ਕਿ ਜਾਂਚ ਅਧਿਕਾਰੀ ਅਨੁਸਾਰ, ਖੰਨਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਦੋਸ਼ੀ ਦੀਪਕ ਗੱਡੀ ਚਲਾ ਰਿਹਾ ਸੀ। ਹਾਲਾਂਕਿ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਅਮਿਤ ਹੀ ਗੱਡੀ ਚਲਾ ਰਿਹਾ ਸੀ।

ਅਦਾਲਤ ਨੇ ਜਾਂਚ ਅਧਿਕਾਰੀ ਦੀ ਇਸ ਗੱਲ 'ਤੇ ਵੀ ਗ਼ੌਰ ਕੀਤਾ ਕਿ ਅੰਕੁਸ਼ ਖੰਨਾ ਨੇ ਇੱਕ ਹੋਰ ਦੋਸ਼ੀ ਆਸ਼ੂਤੋਸ਼ ਨਾਲ ਮਿਲ ਕੇ ਦੀਪਕ ਦੇ ਘਰ ਲੁਕਣ ਵਿੱਚ ਸਹਿ-ਮੁਲਜ਼ਮ ਦੀ ਮਦਦ ਕੀਤੀ ਸੀ।

ਜੱਜ ਨੇ ਕਿਹਾ, "ਕਥਿਤ ਅਪਰਾਧ ਜ਼ਮਾਨਤਯੋਗ ਹਨ। ਇਸ ਲਈ ਦੋਸ਼ੀ ਨੂੰ 20,000 ਰੁਪਏ ਦੇ ਨਿੱਜੀ ਮੁਚਲਕੇ ਅਤੇ ਐਨੀ ਹੀ ਰਕਮ ਦੀ ਜ਼ਮਾਨਤ ਰਾਸ਼ੀ 'ਤੇ ਜ਼ਮਾਨਤ ਦਿੱਤੀ ਜਾਂਦੀ ਹੈ।

ਅਦਾਲਤ ਨੇ ਮੁਲਜ਼ਮਾਂ ਨੂੰ ਕਿਹਾ ਕਿ ਜਦੋਂ ਵੀ ਜਾਂਚ ਅਧਿਕਾਰੀ ਨੂੰ ਲੋੜ ਹੋਵੇ, ਉਹ ਜਾਂਚ ਵਿੱਚ ਸ਼ਾਮਲ ਹੋਣ ਅਤੇ ਸਬੂਤਾਂ ਨਾਲ ਛੇੜਛਾੜ ਨਾ ਕਰਨ। 

ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਮੁਲਜ਼ਮਾਂ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ।

ਪੁਲੀਸ ਨੇ ਅੰਕੁਸ਼ ਖੰਨਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 201, 212, 182 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਨਾ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਜ਼ਿਕਰਯੋਗ ਹੈ ਕਿ ਐਤਵਾਰ ਤੜਕੇ ਅੰਜਲੀ ਸਿੰਘ (20) ਦੀ ਸਕੂਟੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਲੜਕੀ ਨੂੰ ਸੁਲਤਾਨਪੁਰੀ ਤੋਂ ਕਾਂਝਵਾਲਾ ਤੱਕ ਕਰੀਬ 12 ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਇਸ ਘਟਨਾ ਵਿੱਚ ਲੜਕੀ ਦੀ ਮੌਤ ਹੋ ਗਈ ਸੀ।