Delhi News : ਪਿਛਲੇ 4 ਸਾਲਾਂ ’ਚ ਸਭ ਤੋਂ ਹੌਲੀ ਹੋਈ ਅਰਥਵਿਵਸਥਾ ’ਚ ਵਾਧੇ ਦੀ ਰਫ਼ਤਾਰ
Delhi News : ਚਾਲੂ ਵਿੱਤੀ ਸਾਲ ’ਚ ਭਾਰਤ ਦੀ ਅਰਥਵਿਵਸਥਾ 6.4 ਫ਼ੀ ਸਦੀ ਦੀ ਦਰ ਨਾਲ ਵਧੇਗੀ : ਐਨ.ਐਸ.ਓ.
Delhi News in Punjabi : ਨਿਰਮਾਣ ਅਤੇ ਸੇਵਾ ਖੇਤਰ ਦੇ ਮਾੜੇ ਪ੍ਰਦਰਸ਼ਨ ਕਾਰਨ ਚਾਲੂ ਵਿੱਤੀ ਸਾਲ 2024-25 ’ਚ ਭਾਰਤ ਦੀ ਆਰਥਕ ਵਿਕਾਸ ਦਰ ਚਾਰ ਸਾਲ ਦੇ ਸਭ ਤੋਂ ਹੇਠਲੇ ਪੱਧਰ 6.4 ਫੀ ਸਦੀ ’ਤੇ ਆ ਸਕਦੀ ਹੈ। ਇਹ ਅਨੁਮਾਨ ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਲਗਾਇਆ ਗਿਆ ਹੈ।
ਕੌਮੀ ਅੰਕੜਾ ਦਫਤਰ (ਐਨ.ਐਸ.ਓ.) ਨੇ ਚਾਲੂ ਵਿੱਤੀ ਸਾਲ ਲਈ ਕੌਮੀ ਆਮਦਨ ਦਾ ਪਹਿਲਾ ਅਗਾਊਂ ਅਨੁਮਾਨ ਜਾਰੀ ਕੀਤਾ ਹੈ। ਇਸ ਅਨੁਸਾਰ, ਦੇਸ਼ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਤੀ ਸਾਲ 2024-25 ’ਚ 6.4 ਫ਼ੀ ਸਦੀ ਦੀ ਦਰ ਨਾਲ ਵਧੇਗਾ, ਜੋ ਪਿਛਲੇ ਵਿੱਤੀ ਸਾਲ ’ਚ 8.2 ਫ਼ੀ ਸਦੀ ਸੀ।
ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਦੀ ਅਰਥਵਿਵਸਥਾ ਵਿੱਤੀ ਸਾਲ 2020-21 ਤੋਂ ਬਾਅਦ ਸੱਭ ਤੋਂ ਹੌਲੀ ਰਫਤਾਰ ਨਾਲ ਵਧੇਗੀ। ਕੋਵਿਡ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਵਿੱਤੀ ਸਾਲ 2020-21 ’ਚ ਅਰਥਵਿਵਸਥਾ ’ਚ 5.8 ਫ਼ੀ ਸਦੀ ਦੀ ਗਿਰਾਵਟ ਆਈ ਸੀ।
ਹਾਲਾਂਕਿ, ਉਸ ਤੋਂ ਬਾਅਦ ਇਹ 2021-22 ’ਚ 9.7 ਫ਼ੀ ਸਦੀ, 2022-23 ’ਚ ਸੱਤ ਫ਼ੀ ਸਦੀ ਅਤੇ ਵਿੱਤੀ ਸਾਲ 2023-24 ’ਚ 8.2 ਫ਼ੀ ਸਦੀ ਦੀ ਉੱਚ ਦਰ ਨਾਲ ਵਧੀ।
ਐਨ.ਐਸ.ਓ. ਦਾ ਵਿੱਤੀ ਸਾਲ 2024-25 ਲਈ 6.4 ਫ਼ੀ ਸਦੀ ਵਿਕਾਸ ਦਰ ਦਾ ਅਨੁਮਾਨ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅਨੁਮਾਨ ਤੋਂ ਘੱਟ ਹੈ। ਰਿਜ਼ਰਵ ਬੈਂਕ ਨੇ ਦਸੰਬਰ 2024 ’ਚ ਜਾਰੀ ਅਪਣੇ ਅਨੁਮਾਨ ’ਚ ਕਿਹਾ ਸੀ ਕਿ ਚਾਲੂ ਵਿੱਤੀ ਸਾਲ ’ਚ ਜੀ.ਡੀ.ਪੀ. 6.6 ਫੀ ਸਦੀ ਦੀ ਦਰ ਨਾਲ ਵਧੇਗੀ।
ਇਸ ਤੋਂ ਇਲਾਵਾ ਐਨ.ਐਸ.ਓ. ਦਾ ਇਹ ਅਨੁਮਾਨ ਵਿੱਤ ਮੰਤਰਾਲੇ ਦੇ ਅਨੁਮਾਨ ਤੋਂ ਵੀ ਘੱਟ ਹੈ। ਵਿੱਤ ਮੰਤਰਾਲੇ ਨੇ ਸ਼ੁਰੂ ’ਚ ਚਾਲੂ ਵਿੱਤੀ ਸਾਲ ’ਚ ਜੀ.ਡੀ.ਪੀ. ਵਿਕਾਸ ਦਰ 6.5 ਤੋਂ 7 ਫ਼ੀ ਸਦੀ ਹੋਣ ਦਾ ਅਨੁਮਾਨ ਲਗਾਇਆ ਸੀ।
ਅਗਾਊਂ ਅਨੁਮਾਨਾਂ ਦੀ ਵਰਤੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 1 ਫ਼ਰਵਰੀ ਨੂੰ ਲੋਕ ਸਭਾ ’ਚ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਦੀ ਤਿਆਰੀ ਲਈ ਕੀਤੀ ਜਾਵੇਗੀ। ਵਿੱਤੀ ਸਾਲ 2024-25 ਲਈ ਅਪਣੇ ਪਹਿਲੇ ਅਗਾਊਂ ਅਨੁਮਾਨ ’ਚ ਐੱਨ.ਐੱਸ.ਓ. ਨੇ ਕਿਹਾ ਕਿ ਨਿਰਮਾਣ ਖੇਤਰ ਦੀ ਵਾਧਾ ਦਰ ਪਿਛਲੇ ਵਿੱਤੀ ਸਾਲ ਦੇ 9.9 ਫੀ ਸਦੀ ਤੋਂ ਘੱਟ ਕੇ 5.3 ਫੀ ਸਦੀ ਰਹਿ ਸਕਦੀ ਹੈ।
ਇਸ ਤੋਂ ਇਲਾਵਾ ਵਪਾਰ, ਹੋਟਲ, ਟਰਾਂਸਪੋਰਟ ਅਤੇ ਸੰਚਾਰ ਸਮੇਤ ਸੇਵਾ ਖੇਤਰ ’ਚ ਵਿਕਾਸ ਦਰ 5.8 ਫੀ ਸਦੀ ਰਹਿਣ ਦਾ ਅਨੁਮਾਨ ਹੈ, ਜੋ 2023-24 ’ਚ 6.4 ਫੀ ਸਦੀ ਸੀ।
ਹਾਲਾਂਕਿ ਖੇਤੀਬਾੜੀ ਖੇਤਰ ਦੀ ਕਾਰਗੁਜ਼ਾਰੀ ਅਰਥਵਿਵਸਥਾ ਨੂੰ ਰਾਹਤ ਦੇ ਸਕਦੀ ਹੈ। ਚਾਲੂ ਵਿੱਤੀ ਸਾਲ ’ਚ ਖੇਤੀਬਾੜੀ ਖੇਤਰ ਦੀ ਵਾਧਾ ਦਰ 3.8 ਫੀ ਸਦੀ ਰਹਿਣ ਦਾ ਅਨੁਮਾਨ ਹੈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ 1.4 ਫੀ ਸਦੀ ਸੀ।
ਐਨ.ਐਸ.ਓ. ਨੇ ਕਿਹਾ, ‘‘ਵਿੱਤੀ ਸਾਲ 2024-25 ’ਚ ਅਸਲ ਜੀ.ਡੀ.ਪੀ. 6.4 ਫ਼ੀ ਸਦੀ ਵਧਣ ਦਾ ਅਨੁਮਾਨ ਹੈ। ਵਿੱਤੀ ਸਾਲ 2023-24 ਲਈ ਜੀ.ਡੀ.ਪੀ. ਵਾਧਾ ਦਰ ਅਸਥਾਈ ਤੌਰ ’ਤੇ 8.2 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ।’’
ਮੌਜੂਦਾ ਕੀਮਤਾਂ ’ਤੇ ਦੇਸ਼ ਦੀ ਜੀ.ਡੀ.ਪੀ. 2023-24 ’ਚ 9.6 ਫ਼ੀ ਸਦੀ ਦੀ ਦਰ ਨਾਲ ਵਧੀ ਹੈ ਅਤੇ ਵਿੱਤੀ ਸਾਲ 2024-25 ’ਚ 9.7 ਫ਼ੀ ਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਅੰਕੜਿਆਂ ਮੁਤਾਬਕ ਮੌਜੂਦਾ ਕੀਮਤਾਂ ’ਤੇ ਜੀ.ਡੀ.ਪੀ. 2023-24 ਦੇ 295.36 ਲੱਖ ਕਰੋੜ ਰੁਪਏ ਤੋਂ 9.7 ਫੀ ਸਦੀ ਵਧ ਕੇ 2024-25 ’ਚ 324.11 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।
ਮੌਜੂਦਾ ਅਨੁਮਾਨਾਂ ਮੁਤਾਬਕ ਚਾਲੂ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਦਾ ਆਕਾਰ 3.8 ਟ੍ਰਿਲੀਅਨ ਡਾਲਰ (85.7 ਰੁਪਏ ਪ੍ਰਤੀ ਅਮਰੀਕੀ ਡਾਲਰ) ਹੈ।
ਇਸ ਤੋਂ ਇਲਾਵਾ ਮੌਜੂਦਾ ਕੀਮਤਾਂ ’ਤੇ ਕੁਲ ਮੁੱਲ ਵਾਧਾ (ਜੀ.ਵੀ.ਏ.) 2024-25 ’ਚ 292.64 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ 267.62 ਲੱਖ ਕਰੋੜ ਰੁਪਏ ਸੀ। ਇਹ 9.3 ਫ਼ੀ ਸਦੀ ਦੀ ਵਿਕਾਸ ਦਰ ਨੂੰ ਦਰਸਾਉਂਦਾ ਹੈ।
ਸਥਿਰ ਕੀਮਤਾਂ ’ਤੇ ਨਿੱਜੀ ਅੰਤਿਮ ਖਪਤ ਖਰਚ (ਪੀ.ਐੱਫ.ਸੀ.ਈ.) 2024-25 ਦੌਰਾਨ 7.3 ਫ਼ੀ ਸਦੀ ਵਧਣ ਦਾ ਅਨੁਮਾਨ ਹੈ ਜੋ ਪਿਛਲੇ ਵਿੱਤੀ ਸਾਲ ’ਚ 4 ਫ਼ੀ ਸਦੀ ਸੀ। ਸਥਿਰ ਕੀਮਤਾਂ ’ਤੇ ਸਰਕਾਰ ਦਾ ਅੰਤਿਮ ਖਪਤ ਖਰਚ (ਜੀ.ਐੱਫ.ਸੀ.ਈ.) ਚਾਲੂ ਵਿੱਤੀ ਸਾਲ ’ਚ 4.1 ਫੀ ਸਦੀ ਰਹਿਣ ਦੀ ਉਮੀਦ ਹੈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ 2.5 ਫੀ ਸਦੀ ਸੀ।
(For more news apart from pace growth in economy has become the slowest in last 4 years News in Punjabi, stay tuned to Rozana Spokesman)